ਦੋਰਾਹਾ ਸਟੀਲ ਫੈਕਟਰੀ ’ਚ ਬੁਆਇਲਰ ਫਟਣ ਕਾਰਨ ਦੋ ਮਜ਼ਦੂਰ ਹਲਾਕ
ਦੋਰਾਹਾ: ਇਥੇ ਰਾਮਪੁਰ ਰੋਡ ’ਤੇ ਅੱਜ ਤੜਕੇ ਕਰੀਬ 5 ਵਜੇ ਗ੍ਰੇਟ ਇੰਡੀਆ ਸਟੀਲ ਫੈਕਟਰੀ ਵਿੱਚ ਬੁਆਇਲਰ ਫਟਣ ਕਾਰਨ ਦੋ ਮਜ਼ਦੂਰਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਫੈਕਟਰੀ ਵਿਚ ਕਾਫੀ ਮਾਲੀ ਨੁਕਸਾਨ ਹੋਣ ਦਾ ਖ਼ਦਸ਼ਾ ਹੈ। ਜ਼ਖ਼ਮੀਆਂ ਨੂੰ ਦੋਰਾਹਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ, ਜਿਨ੍ਹਾਂ ਵਿਚੋਂ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲੀਸ ਜ਼ਿਲ੍ਹਾ ਖੰਨਾ ਦੇ ਐੱਸਐੱਸਪੀ ਦਿਆਮਾ ਹਰੀਸ਼ ਓਮ ਪ੍ਰਕਾਸ਼, ਡੀਐੱਸਪੀ ਅਤੇ ਥਾਣਾ ਦੋਰਾਹਾ ਦੇ ਇੰਚਾਰਜ ਗੁਰਮੀਤ ਸਿੰਘ ਘਟਨਾ ਸਥਾਨ ’ਤੇ ਪੁੱਜੇ ਅਤੇ ਉਨ੍ਹਾਂ ਜ਼ਖ਼ਮੀਆਂ ਨੂੰ ਤੁਰੰਤ ਦੋਰਾਹਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਪਹੁੰਚਾਇਆ। ਮ੍ਰਿਤਕਾਂ ਦੀ ਪਛਾਣ ਰਾਹੁਲ ਕੁਮਾਰ ਅਤੇ ਵਿਜੇ ਕੁਮਾਰ ਵਜੋਂ ਹੋਈ। ਇਸ ਤੋਂ ਇਲਾਵਾ ਬਾਬੂ ਰਾਮ, ਰਮੇਸ਼ ਕੁਮਾਰ, ਅਸ਼ੀਸ਼ ਕੁਮਾਰ ਤੇ ਹੋਰ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ। ਬੁਆਇਲਰ ਫਟਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਇਸ ਸਬੰਧੀ ਮਾਹਿਰਾਂ ਨਾਲ ਪੁਲੀਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।