ਦੇਸ਼-ਵਿਦੇਸ਼ਫੀਚਰਜ਼

ਆਪਰੇਸ਼ਨ ਕਾਵੇਰੀ ਤਹਿਤ ਭਾਰਤੀਆਂ ਦੀ ਵਤਨ ਵਾਪਸੀ ਲਗਾਤਾਰ ਜਾਰੀ

ਨਵੀਂ ਦਿੱਲੀ : ਹਿੰਸਾ ਪ੍ਰਭਾਵਿਤ ਸੂਡਾਨ ਤੋਂ ਭਾਰਤੀਆਂ ਨੂੰ ਕੱਢਣ ਦੀ ਮੁਹਿੰਮ ‘ਆਪ੍ਰੇਸ਼ਨ ਕਾਵੇਰੀ’ ਦੇ ਹਿੱਸੇ ਵਜੋਂ ਹਵਾਈ ਸੈਨਾ ਦੇ ਸੀ-17 ਜਹਾਜ਼ ਰਾਹੀਂ ਸ਼ੁੱਕਰਵਾਰ ਨੂੰ 392 ਨਾਗਰਿਕਾਂ ਦਾ ਇੱਕ ਹੋਰ ਜੱਥਾ ਘਰ ਪਰਤਿਆ।

ਇਸ ਆਪਰੇਸ਼ਨ ਤਹਿਤ ਕੱਢੇ ਗਏ ਭਾਰਤੀ ਨਾਗਰਿਕਾਂ ਨੂੰ ਸੂਡਾਨ ਤੋਂ ਸਾਊਦੀ ਅਰਬ ਦੇ ਸ਼ਹਿਰ ਜੇਦਾਹ ਅਤੇ ਫਿਰ ਉਥੋਂ ਭਾਰਤ ਲਿਆਂਦਾ ਜਾ ਰਿਹਾ ਹੈ। ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੇ ਟਵੀਟ ਕਰਦਿਆਂ ਦੱਸਿਆ, “392 ਯਾਤਰੀਆਂ ਨਾਲ ਇੱਕ ਹੋਰ ਸੀ-17 ਜਹਾਜ਼ ਨਵੀਂ ਦਿੱਲੀ ਪਹੁੰਚਿਆ।”

ਆਪਰੇਸ਼ਨ ਕਾਵੇਰੀ ਤਹਿਤ ਬੁੱਧਵਾਰ ਨੂੰ 360 ਨਾਗਰਿਕਾਂ ਨੂੰ ਵਪਾਰਕ ਉਡਾਣ ਰਾਹੀਂ ਨਵੀਂ ਦਿੱਲੀ ਲਿਆਂਦਾ ਗਿਆ। ਜਦੋਂ ਕਿ ਦੂਜੇ ਬੈਚ ਵਿੱਚ ਸੀ-17 ਗਲੋਬਮਾਸਟਰ ਵਿੱਚ ਅਗਲੇ ਹੀ ਦਿਨ 246 ਨਾਗਰਿਕਾਂ ਨੂੰ ਮੁੰਬਈ ਲਿਆਂਦਾ ਗਿਆ।ਅਧਿਕਾਰਤ ਅੰਕੜਿਆਂ ਅਨੁਸਾਰ ਹੁਣ ਤੱਕ ਕੁੱਲ 998 ਭਾਰਤੀਆਂ ਨੂੰ ਵਾਪਸ ਭੇਜਿਆ ਜਾ ਚੁੱਕਾ ਹੈ।

ਸੂਡਾਨ ਵਿੱਚ ਫ਼ੌਜ ਅਤੇ ਨੀਮ ਫ਼ੌਜੀ ਸਮੂਹਾਂ ਵਿਚਕਾਰ ਸੱਤਾ ਲਈ ਭਿਆਨਕ ਸੰਘਰਸ਼ ਚੱਲ ਰਿਹਾ ਹੈ। ਹਾਲਾਂਕਿ, ਦੋਵੇਂ ਧਿਰਾਂ 72 ਘੰਟਿਆਂ ਦੀ ਜੰਗਬੰਦੀ ਲਈ ਸਹਿਮਤ ਹੋਣ ਤੋਂ ਬਾਅਦ, ਭਾਰਤ ਨੇ ਉਥੇ ਫਸੇ ਆਪਣੇ ਨਾਗਰਿਕਾਂ ਨੂੰ ਕੱਢਣ ਲਈ ਯਤਨ ਤੇਜ਼ ਕਰ ਦਿੱਤੇ ਹਨ।

ਆਪਰੇਸ਼ਨ ਕਾਵੇਰੀ ਵਿੱਚ ਭਾਰਤੀ ਜਲ ਸੈਨਾ ਦੇ ਤਿੰਨ ਜਹਾਜ਼ ਆਈਐਨਐਸ ਸੁਮੇਧਾ, ਆਈਐਨਐਸ ਤੇਗ ਅਤੇ ਆਈਐਨਐਸ ਤਰਕਸ਼ ਸ਼ਾਮਲ ਹਨ। ਇਸ ਤੋਂ ਇਲਾਵਾ ਹਵਾਈ ਸੈਨਾ ਦੇ ਦੋ C130J ਜਹਾਜ਼ ਵੀ ਇਸ ਆਪਰੇਸ਼ਨ ਵਿੱਚ ਸ਼ਾਮਲ ਹਨ।

ਭਾਰਤ ਨੇ ਸੂਡਾਨ ਦੀ ਸਥਿਤੀ ਲਈ ਨਵੀਂ ਦਿੱਲੀ ਵਿੱਚ ਇੱਕ ਚੌਵੀ ਘੰਟੇ ਕੰਟਰੋਲ ਰੂਮ ਸਥਾਪਤ ਕੀਤਾ ਹੈ। ਇਸ ਤੋਂ ਇਲਾਵਾ ਇਕ ਕੰਟਰੋਲ ਰੂਮ ਪੋਰਟ ਸੂਡਾਨ ਵਿਚ ਅਤੇ ਇਕ ਹੋਰ ਸਾਊਦੀ ਅਰਬ ਦੇ ਸ਼ਹਿਰ ਜੇਦਾਹ ਵਿਚ ਸਥਾਪਿਤ ਕੀਤਾ ਗਿਆ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-