ਰਾਸ਼ਟਰਪਤੀ ਜੋਅ ਬਾਇਡਨ ਨੇ ਵਿਸ਼ਵ ਬੈਂਕ ਦੇ ਮੁਖੀ ਬਣਨ ਜਾ ਰਹੇ ਅਜੈਪਾਲ ਸਿੰਘ ਬੰਗਾ ਨੂੰ ਦਿਤੀ ਵਧਾਈ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਅਜੈਪਾਲ ਸਿੰਘ ਬੰਗਾ ਨੂੰ ਵਿਸ਼ਵ ਬੈਂਕ ਦਾ ਅਗਲਾ ਮੁਖੀ ਬਣਨ ‘ਤੇ ਵਧਾਈ ਦਿਤੀ ਹੈ। ਰਾਸ਼ਟਰਪਤੀ ਬਾਇਡਨ ਨੇ ਟਵੀਟ ਕਰਦਿਆਂ ਅਜੈਪਾਲ ਸਿੰਘ ਬੰਗਾ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ ਅਤੇ ਲਿਖਿਆ ਕਿ ਉਹ ਗ਼ਰੀਬੀ ਘਟਾਉਣ ਅਤੇ ਜਲਵਾਯੂ ਸਮੇਤ ਵਿਸ਼ਵਵਿਆਪੀ ਦੀਆਂ ਚੁਨੌਤੀਆਂ ਨੂੰ ਹੱਲ ਕਰਨ ਲਈ ਵਿਸ਼ਵ ਬੈਂਕ ਨੂੰ ਅੱਗੇ ਲੈ ਕੇ ਜਾਣਗੇ।
ਰਾਸ਼ਟਰਪਤੀ ਬਾਇਡਨ ਨੇ ਲਿਖਿਆ, ” ਮੈਂ ਅਜੈਪਾਲ ਸਿੰਘ ਨਾਲ ਉਨ੍ਹਾਂ ਦੀ ਨਵੀਂ ਭੂਮਿਕਾ ‘ਚ ਕੰਮ ਕਰਨ, ਗ਼ਰੀਬੀ ਨੂੰ ਘਟਾਉਣ ਅਤੇ ਜਲਵਾਯੂ ਸਮੇਤ ਵਿਸ਼ਵਵਿਆਪੀ ਚੁਨੌਤੀਆਂ ਨੂੰ ਹੱਲ ਕਰਨ ਲਈ ਵਿਸ਼ਵ ਬੈਂਕ ਨੂੰ ਬਦਲਣ ਦੇ ਉਨ੍ਹਾਂ ਦੇ ਯਤਨਾਂ ਦਾ ਸਮਰਥਨ ਕਰਨ ਲਈ ਉਤਸੁਕ ਹਾਂ।”
ਅਜੈਪਾਲ ਸਿੰਘ ਬੰਗਾ (63) ਨੂੰ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵਿਸ਼ਵ ਬੈਂਕ ਦੇ ਅਗਲੇ ਮੁਖੀ ਵਜੋਂ ਨਾਮਜ਼ਦ ਕੀਤਾ ਸੀ। ਸਮਰਥਨ ਦੇ ਇਕ ਖੁੱਲ੍ਹੇ ਪੱਤਰ ਵਿਚ, 55 ਵਕੀਲਾਂ, ਸਿਖਿਆ ਸ਼ਾਸਤਰੀਆਂ, ਕਾਰਜਕਾਰੀ, ਸਾਬਕਾ ਫ਼ੌਜੀਆਂ ਅਤੇ ਸਾਬਕਾ ਸਰਕਾਰੀ ਅਧਿਕਾਰੀਆਂ ਨੇ ਵਿਸ਼ਵ ਬੈਂਕ ਦੇ ਮੁਖੀ ਦੇ ਅਹੁਦੇ ਲਈ ਨਾਮਜ਼ਦਗੀ ਦਾ ਸਮਰਥਨ ਕੀਤਾ। ਬੰਗਾ ਦਾ ਸਮਰਥਨ ਕਰਨ ਵਾਲਿਆਂ ਵਿਚ ਕਈ ਨੋਬਲ ਪੁਰਸਕਾਰ ਜੇਤੂ ਵੀ ਸ਼ਾਮਲ ਸਨ।