ਦੇਸ਼-ਵਿਦੇਸ਼ਫੀਚਰਜ਼

King Charles III ਦੀ ਹੋਈ ਸ਼ਾਨਦਾਰ ਤਾਜਪੋਸ਼ੀ, ਦੁਨੀਆ ਭਰ ਤੋਂ 2000 ਮਹਿਮਾਨ ਸਮਾਗਮ ਵਿਚ ਪਹੁੰਚੇ

ਬ੍ਰਿਟੇਨ – ਕਿੰਗ ਚਾਰਲਸ III ਦੀ ਸ਼ਨੀਵਾਰ ਨੂੰ ਇਤਿਹਾਸਕ ਤਾਜਪੋਸ਼ੀ ਹੋ ਗਈ ਹੈ। ਉਹ ਆਪਣੀ ਪਤਨੀ ਅਤੇ ਮਹਾਰਾਣੀ ਕੈਮਿਲਾ ਨਾਲ ਵੈਸਟਮਿੰਸਟਰ ਐਬੇ ਪਹੁੰਚੇ। ਇੱਥੇ ਇੱਕ ਧਾਰਮਿਕ ਸਮਾਰੋਹ ਵਿਚ ਯੂਨਾਈਟਿਡ ਕਿੰਗਡਮ ਦੇ ਰਾਜੇ ਦੀ ਤਾਜਪੋਸ਼ੀ ਕੀਤੀ ਗਈ। ਇਹ ਪਰੰਪਰਾ ਕਰੀਬ ਇੱਕ ਹਜ਼ਾਰ ਸਾਲ ਪੁਰਾਣੀ ਹੈ। ਕਿੰਗ ਚਾਰਲਸ III (74 ਸਾਲ) ਦੀ ਪਤਨੀ ਕੈਮਿਲਾ ਵੀ ਰਸਮੀ ਤੌਰ ‘ਤੇ ‘ਕੁਈਨ ਕੰਸੋਰਟ’ ਤੋਂ ‘ਕੁਈਨ’ ਬਣ ਗਈ।

ਇਸ ਤਾਜਪੋਸ਼ੀ ਸਮਾਰੋਹ ਵਿਚ ਦੇਸ਼-ਵਿਦੇਸ਼ ਦੇ 2 ਹਜ਼ਾਰ ਮਹਿਮਾਨਾਂ ਨੂੰ ਬਲਾਇਆ ਗਿਆ। ਭਾਰਤ ਤੋਂ ਉਪ-ਰਾਸ਼ਟਰਪਤੀ ਜਗਦੀਪ ਧਨਖੜ ਵੀ ਅਪਣੀ ਪਤਨੀ ਡਾ. ਸੁਦੇਸ਼ ਧਨਖੜ ਦੇ ਨਾਲ ਲੰਡਨ ਵਿਖੇ ਪਹੁੰਚੇ। ਇੱਥੇ ਬਕਿੰਘਮ ਪੈਲੇਸ ਵਿਚ ਆਯੋਜਿਤ ਸਮਾਗਮ ਵਿਚ ਉਪ ਰਾਸ਼ਟਰਪਤੀ ਦਾ ਸਵਾਗਤ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਲੰਡਨ ‘ਚ ਹੋਣ ਵਾਲੇ ਤਾਜਪੋਸ਼ੀ ਸਮਾਗਮ ਤੋਂ ਪਹਿਲਾਂ ਕਿੰਗ ਚਾਰਲਸ ਤੀਜੇ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੀ ਜਾਣਕਾਰੀ ਉਪ ਰਾਸ਼ਟਰਪਤੀ ਦੇ ਟਵਿੱਟਰ ਹੈਂਡਲ ਤੋਂ ਸਾਂਝੀ ਕੀਤੀ ਗਈ ਹੈ।

ਵੈਸਟਮਿੰਸਟਰ ਐਬੇ 1066 ਵਿਚ ਵਿਲੀਅਮ ਦ ਵਿਜੇਤਾ ਤੋਂ ਬਾਅਦ ਹਰ ਬ੍ਰਿਟਿਸ਼ ਤਾਜਪੋਸ਼ੀ ਦਾ ਸਥਾਨ ਰਿਹਾ ਹੈ, ਅਤੇ ਰਾਜਾ ਚਾਰਲਸ III ਅਤੇ ਉਸ ਦੀ ਪਤਨੀ ਮਹਾਰਾਣੀ ਕੈਮਿਲਾ ਨੇ ਇਸ ਸ਼ਾਨਦਾਰ ਪਰੰਪਰਾ ਨੂੰ ਜਾਰੀ ਰੱਖਿਆ। ਤਾਜਪੋਸ਼ੀ ਦੀ ਪੂਰਵ ਸੰਧਿਆ ‘ਤੇ ਬਕਿੰਘਮ ਪੈਲੇਸ ਨੇ ਰਾਜਸ਼ਾਹੀ ਦੇ ਅਧਿਕਾਰਤ ਖਾਤੇ ਤੋਂ ਇੱਕ ਟਵੀਟ ਕੀਤਾ, ਪਹਿਲੀ ਵਾਰ ਮਹਾਰਾਣੀ ਕੈਮਿਲਾ ਦਾ ਜ਼ਿਕਰ ਕੀਤਾ।

ਤਾਜਪੋਸ਼ੀ ਥੀਏਟਰ ਵਿੱਚ ਫੁੱਲਾਂ ਦੀ ਸ਼ਾਨਦਾਰਤਾ ਅਤੇ ਤਿਆਰੀਆਂ ਦੀ ਫੁਟੇਜ ਨੂੰ ਸਾਂਝਾ ਕਰਦੇ ਹੋਏ, ਪੋਸਟ ਵਿਚ ਲਿਖਿਆ ਗਿਆ ਹੈ – ਵੈਸਟਮਿੰਸਟਰ ਐਬੇ ਰਾਜਾ ਚਾਰਲਸ III ਅਤੇ ਮਹਾਰਾਣੀ ਕੈਮਿਲਾ ਦੀ ਤਾਜਪੋਸ਼ੀ ਲਈ ਤਿਆਰ ਹੈ। ਦੱਸ ਦਈਏ ਕਿ ਚਾਰਲਸ ਅਤੇ ਕੈਮਿਲਾ ਦਾ ਵਿਆਹ 2005 ਵਿਚ ਹੋਇਆ ਸੀ। ਬ੍ਰਿਟੇਨ ਦੇ ਰਾਜਾ ਚਾਰਲਸ III ਸ਼ਨੀਵਾਰ ਨੂੰ ਇੱਥੇ ਵੈਸਟਮਿੰਸਟਰ ਐਬੇ ਵਿਖੇ ਅਪਣੀ ਇਤਿਹਾਸਕ ਤਾਜਪੋਸ਼ੀ ਦੌਰਾਨ ਸ਼ਾਹੀ ਸਿੰਘਾਸਣ ‘ਤੇ ਬੈਠੇ।  86 ਸਾਲ ਪਹਿਲਾਂ, ਤਾਜਪੋਸ਼ੀ ਦੇ ਸਮੇਂ ਉਨ੍ਹਾਂ ਦੇ ਨਾਨਕੇ ਜਾਰਜ-VI ਇਸ ਗੱਦੀ ‘ਤੇ ਬੈਠੇ ਸਨ।

ਸ਼ਾਹੀ ਪਰੰਪਰਾ ਦੇ ਅਨੁਸਾਰ, ਤਾਜਪੋਸ਼ੀ ਦੇ ਸਮੇਂ ਬਹੁਤ ਸਾਰੇ ਪੜਾਅ ਹੁੰਦੇ ਹਨ ਅਤੇ ਇਸ ਸਮੇਂ ਦੌਰਾਨ ਵੱਖ-ਵੱਖ ਰਵਾਇਤੀ ਸਿੰਘਾਸਣਾਂ ਦੀ ਵਰਤੋਂ ਕੀਤੀ ਜਾਂਦੀ ਹੈ। ਤਾਜਪੋਸ਼ੀ ਦੌਰਾਨ, ਰਾਜਾ ਚਾਰਲਸ ਅਤੇ ਉਸਦੀ ਪਤਨੀ ਰਾਣੀ ਕੈਮਿਲਾ ਵੱਖ-ਵੱਖ ਪਲਾਂ ‘ਤੇ ‘ਸੇਂਟ ਐਡਵਰਡਜ਼ ਚੇਅਰ’, ‘ਚੇਅਰਜ਼ ਆਫ਼ ਸਟੇਟ’ ਅਤੇ ‘ਥਰੋਨ ਚੇਅਰਜ਼’ ‘ਤੇ ਬੈਠੇ।

ਇਸ ਸਾਰੀ ਪ੍ਰਕਿਰਿਆ ਦੌਰਾਨ, ਬ੍ਰਿਟਿਸ਼ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨੇ ਰਾਜਾ ਚਾਰਲਸ ਤੀਜੇ ਦੇ ਤਾਜਪੋਸ਼ੀ ਸਮਾਰੋਹ ਵਿਚ ‘ਬਿਬਲੀਕਲ ਬੁੱਕ ਆਫ਼ ਕੋਲੋਸੀਅਨ’ ਯਾਨੀ ਬਾਈਬਲ ਦੇ ਕੁਝ ਹਿੱਸੇ ਪੜ੍ਹੇ। ਸੁਨਕ ਬਰਤਾਨੀਆ ਦੇ ਭਾਰਤੀ ਮੂਲ ਦੇ ਪਹਿਲੇ ਪ੍ਰਧਾਨ ਮੰਤਰੀ ਹਨ ਅਤੇ ਹਿੰਦੂ ਧਰਮ ਵਿਚ ਵਿਸ਼ਵਾਸ ਰੱਖਦੇ ਹਨ। ਬਾਈਬਲ ਪੜ੍ਹ ਕੇ, ਉਹਨਾਂ ਨੇ ਈਸਾਈ ਰਸਮ, ਬਹੁ-ਵਿਸ਼ਵਾਸ ਦੀ ਆਸਥਾ ਨੂੰ ਅੱਗੇ ਵਧਾਇਆ।

ਇਹ 17ਵੀਂ ਸਦੀ ਦਾ ਸੇਂਟ ਐਡਵਰਡਜ਼ ਕ੍ਰਾਊਨ ਹੈ, ਜੋ ਠੋਸ ਸੋਨੇ ਦਾ ਬਣਿਆ ਹੋਇਆ ਹੈ। ਲਗਭਗ ਢਾਈ ਕਿਲੋ ਵਜ਼ਨ ਵਾਲਾ ਇਹ ਤਾਜ ਆਮ ਮੌਕਿਆਂ ‘ਤੇ ਨਹੀਂ ਪਹਿਨਿਆ ਜਾਂਦਾ, ਸਗੋਂ ਤਾਜਪੋਸ਼ੀ ਦੌਰਾਨ ਹੀ ਪਹਿਨਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਨੂੰ ਸਹਿਜ ਕੇ ਰੱਖਿਆ ਜਾਂਦਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-