ਧੁੰਦ ਕਾਰਨ ਬਿਆਸ ਨੇੜੇ ਵਾਪਰਿਆ ਵੱਡਾ ਹਾਦਸਾ, ਕੋਹਰੇ ਨੂੰ ਲੈ ਕੇ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਅੰਮ੍ਰਿਤਸਰ/ਬਾਬਾ ਬਕਾਲਾ : ਗੁਰੂ ਨਗਰੀ ਵਿਚ ਧੁੰਦ ਅਤੇ ਕੋਹਰੇ ਨੇ ਆਪਣਾ ਕਹਿਰ ਮਚਾਉਣਾ ਸ਼ੁਰੂ ਕਰ ਦਿੱਤਾ ਹੈ। ਜ਼ਿਲ੍ਹੇ ਵਿਚ 4 ਵਾਹਨ ਆਪਸ ਵਿਚ ਟਕਰਾ ਗਏ, ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਵੀ ਅਲਰਟ ਜਾਰੀ ਕੀਤਾ ਹੈ ਕਿ ਅਗਲੇ ਦੋ ਦਿਨਾਂ ਤੱਕ ਮੌਸਮ ਅਜਿਹਾ ਹੀ ਰਹਿਣ ਦੀ ਸੰਭਾਵਨਾ ਹੈ। ਸੰਘਣੀ ਧੁੰਦ ਵਿਚ ਜ਼ੀਰੋ ਵਿਜ਼ੀਬਿਲਟੀ ਵਿਚਾਲੇ ਕਈ ਟ੍ਰੇਨਾਂ ਦੇਰੀ ਨਾਲ ਰੇਲਵੇ ਸਟੇਸ਼ਨ ’ਤੇ ਪਹੁੰਚੀਆਂ, ਜਦਕਿ ਲੈਂਡਿੰਗ ਲਈ ਉਡਾਣਾਂ ਕਾਫੀ ਦੇਰ ਤੱਕ ਅਸਮਾਨ ਵਿਚ ਚੱਕਰ ਲਾਉਂਦੀਆਂ ਰਹੀਆਂ। ਦੂਜੇ ਪਾਸੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸੁਰਿੰਦਰ ਸਿੰਘ ਨੇ ਧਾਰਾ-144 ਅਧੀਨ ਅਧਿਕਾਰਾਂ ਦੀ ਵਰਤੋਂ ਕਰਦਿਆਂ 21 ਦਸੰਬਰ ਤੋਂ 15 ਜਨਵਰੀ 2023 ਤੱਕ ਅੰਮ੍ਰਿਤਸਰ ਜ਼ਿਲ੍ਹੇ ਦੇ ਸਮੂਹ ਸਰਕਾਰੀ, ਅਰਧ-ਸਰਕਾਰੀ, ਪ੍ਰਾਈਵੇਟ ਅਤੇ ਹੋਰ ਵਿੱਦਿਅਕ ਅਦਾਰਿਆਂ ਦੇ ਖੁੱਲ੍ਹਣ ਦਾ ਸਮਾਂ ਸਵੇਰੇ 10.30 ਵਜੇ ਕਰ ਦਿੱਤਾ ਹੈ। ਧੂੰਆਂ ਇੰਨਾ ਜ਼ਿਆਦਾ ਵੱਧ ਗਿਆ ਹੈ ਕਿ ਵਾਹਨ ਚਾਲਕਾਂ ਨੂੰ ਸੜਕਾਂ ’ਤੇ ਆਪਣੀਆਂ ਗੱਡੀਆਂ ਚਲਾਉਣ ਸਮੇਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਮੌਸਮ ਵਿਭਾਗ ਮੁਤਾਬਕ ਘੱਟੋ-ਘੱਟ ਤਾਪਮਾਨ 6.8 ਡਿਗਰੀ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਅੱਜ ਸਵੇਰੇ ਜਲੰਧਰ-ਅੰਮ੍ਰਿਤਸਰ ਨੈਸ਼ਨਲ ਹਾਈਵੇ ’ਤੇ ਪੈਂਦੇ ਕਸਬੇ ਬਿਆਸ ਵਿਚ ਸੰਘਣੀ ਧੁੰਦ ਕਾਰਨ ਚਾਰ ਵਾਹਨ ਆਪਸ ਵਿਚ ਟਕਰਾ ਗਏ, ਜਿਸ ਕਾਰਨ ਚਾਰੇ ਵਾਹਨ ਕਾਫੀ ਨੁਕਸਾਨੇ ਹੋ ਗਏ, ਜਦਕਿ ਇਕ ਟਰੈਕਟਰ-ਟਰਾਲੀ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਕਈ ਲੋਕ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ। ਥਾਣਾ ਬਿਆਸ ਦੇ ਇੰਚਾਰਜ ਨੇ ਦੱਸਿਆ ਕਿ ਸੰਘਣੀ ਧੁੰਦ ਅਤੇ ਵਾਹਨਾਂ ਦੀ ਤੇਜ਼ ਰਫਤਾਰ ਕਾਰਨ ਇਹ ਹਾਦਸਾ ਵਾਪਰਿਆ ਹੈ, ਜਿਸ ਦੌਰਾਨ ਟਰੈਕਟਰ ਚਾਲਕ ਮੰਗਾ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਪਿੰਡ ਚੀਮਾ ਬਾਠ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮ੍ਰਿਤਕ ਦੀ ਲਾਸ਼ ਘੰਟਿਆਂ ਤੱਕ ਸੜਕ ’ਤੇ ਪਈ ਰਹੀ, ਪੁਲਸ ਵੱਲੋਂ ਅਗਲੇਰੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ ਪਰ ਜਿੱਥੇ ਸ਼ਰਮਨਾਕ ਗੱਲ ਹੈ ਕਿ ਮ੍ਰਿਤਕ ਦੀ ਲਾਸ਼ ਘੰਟਿਆਂਬੱਧੀ ਸੜਕ ’ਤੇ ਪਈ ਰਹੀ, ਉਥੇ ਪੁਲਸ ਵਿਭਾਗ ਦੀ ਆਪਣੀ ਐਂਬੂਲੈਂਸ ਅਤੇ ਸਿਹਤ ਵਿਭਾਗ ਦੇ ਐਂਬੂਲੈਂਸ ਨੂੰ ਵੀ ਸੂਚਿਤ ਕਰਨ ਦੇ ਬਾਵਜੂਦ ਉਹ ਮੌਕੇ ’ਤੇ ਨਹੀਂ ਪਹੁੰਚੀ, ਜਿਸ ਕਾਰਨ ਮ੍ਰਿਤਕ ਦੀ ਲਾਸ਼ ਨੂੰ ਉਸ ਦੀ ਹੀ ਟਰਾਲੀ ਰਾਹੀਂ ਸਿਵਲ ਹਸਪਤਾਲ ਬਾਬਾ ਬਕਾਲਾ ਪਹੁੰਚਾਇਆ ਗਿਆ।

ਸਵੇਰੇ ਘਰਾਂ ’ਚ ਹੀ ਰਹੇ ਲੋਕ

ਸਵੇਰੇ ਸੰਘਣੀ ਧੁੰਦ ਨੂੰ ਦੇਖਦੇ ਹੋਏ ਪਾਰਕਾਂ ਵਿਚ ਸੈਰ ਕਰਨ ਵਾਲੇ ਲੋਕਾਂ ਦੀ ਗਿਣਤੀ ਵਿਚ ਕਾਫੀ ਕਮੀ ਆਈ ਹੈ। ਮੰਗਲਵਾਰ ਸਵੇਰੇ ਹੀ ਪੂਰਾ ਸ਼ਹਿਰ ਧੁੰਦ ਦੀ ਚਾਦਰ ਵਿਚ ਲਪੇਟ ’ਚ ਆ ਗਿਆ, ਜਿਸ ਕਾਰਨ ਲੋਕ ਘਰਾਂ ਵਿਚ ਹੀ ਰਹਿ ਗਏ। ਸਵੇਰ ਵੇਲੇ ਧੁੰਦ ਪੈਣ ਕਾਰਨ ਲੋਕਾਂ ਨੇ ਸ਼ਾਮ ਦੀ ਸੈਰ ਦਾ ਸਮਾਂ ਰੱਖ ਲਿਆ ਹੈ।

ਧੁੰਦ ਕਾਰਨ ਲੇਟ ਪੁੱਜੀਆਂ ਟ੍ਰੇਨਾਂ

ਪੰਜਾਬ ਦੇ ਸਾਰੇ ਰੇਲਵੇ ਸਟੇਸ਼ਨਾਂ ’ਤੇ ਟ੍ਰੇਨਾਂ ਦੇਰੀ ਨਾਲ ਪੁੱਜੀਆਂ, ਜਿਸ ਕਾਰਨ ਕਈ ਟ੍ਰੇਨਾਂ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਤਿੰਨ ਘੰਟੇ ਦੇਰੀ ਨਾਲ ਪੁੱਜੀਆਂ। ਅੰਮ੍ਰਿਤਸਰ ਛੱਤੀਸਗੜ੍ਹ ਐਕਸਪ੍ਰੈੱਸ 1.40 ਘੰਟੇ ਦੀ ਦੇਰੀ ਨਾਲ, ਟ੍ਰੇਨ 14653 3 ਘੰਟੇ ਲੇਟ ਪਹੁੰਚੀ। ਅੰਮ੍ਰਿਤਸਰ ਸ਼ਤਾਬਦੀ ਇੱਕ ਘੰਟੇ ਦੀ ਦੇਰੀ ਨਾਲ, 12460 ਅੰਮ੍ਰਿਤਸਰ-ਨਵੀਂ ਦਿੱਲੀ ਸੁਪਰ ਫਾਸਟ 3 ਘੰਟੇ ਦੀ ਦੇਰੀ ਨਾਲ ਸੀ, ਜਦਕਿ ਕਈ ਹੋਰ ਟ੍ਰੇਨਾਂ ਦੇਰੀ ਨਾਲ ਪਹੁੰਚੀਆਂ ਅਤੇ ਰਵਾਨਾ ਹੋਈਆਂ।

Leave a Reply

error: Content is protected !!