ਇਤਿਹਾਸਕ ਗੁਰਦੁਆਰਾ ਹੱਟ ਸਾਹਿਬ ਵਿਖੇ ਗ੍ਰੰਥੀ ਸਿੰਘ ’ਤੇ ਜਾਨਲੇਵਾ ਹਮਲਾ, ਅੰਮ੍ਰਿਤਧਾਰੀ ਦੇ ਭੇਸ ਵਿੱਚ ਮੂੰਹ ਛੁਪਾ ਕੇ ਆਇਆ ਸੀ ਵਿਅਕਤੀ
ਸੁਲਤਾਨਪੁਰ ਲੋਧੀ –ਇਤਿਹਾਸਕ ਗੁਰਦੁਆਰਾ ਸ੍ਰੀ ਹੱਟ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਬੀਤੇ ਦਿਨ ਮੂੰਹ ਬੰਨ੍ਹ ਕੇ ਆਏ ਇਕ ਵਿਅਕਤੀ ਨੇ ਡਿਊਟੀ ’ਤੇ ਤਾਇਨਾਤ ਗ੍ਰੰਥੀ ਸਿੰਘ ’ਤੇ ਹਮਲਾ ਕਰਕੇ ਉਸ਼ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਹਮਲਾਵਰ ਨੂੰ ਮੌਕੇ ’ਤੇ ਨਤਮਸਤਕ ਹੋਣ ਆਈਆਂ ਸੰਗਤਾਂ, ਗ੍ਰੰਥੀ ਸਿੰਘ ਅਤੇ ਹੋਰ ਸੇਵਾਦਾਰਾਂ ਵੱਲੋਂ ਕਾਬੂ ਕਰ ਲਿਆ ਅਤੇ ਮੈਨੇਜਰ ਵੱਲੋਂ ਸਥਾਨਕ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜ਼ਖ਼ਮੀ ਗ੍ਰੰਥੀ ਸਿੰਘ ਅੰਮ੍ਰਿਤਪਾਲ ਸਿੰਘ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਦਾਖ਼ਲ ਕਰਵਾਇਆ ਗਿਆ ਹੈ।
ਅਖਾਂ ’ਤੇ ਐਨਕਾਂ ਲਗਾ ਕੇ ਚਿਹਰਾ ਛੁਪਾਇਆ ਹੋਇਆ ਸੀ, ਜਿਸ ਨੂੰ ਵੇਖ ਕੇ ਡਿਊਟੀ ’ਤੇ ਤਾਇਨਾਤ ਗ੍ਰੰਥੀ ਸਿੰਘ ਨੂੰ ਸ਼ੱਕ ਹੋਇਆ ਅਤੇ ਉਸ ਨੇ ਵਿਅਕਤੀ ਨੂੰ ਮੂੰਹ ਤੋਂ ਕੱਪੜਾ ਉਤਾਰਨ ਲਈ ਕਿਹਾ, ਜਿਸ ’ਤੇ ਉਸ ਵਿਅਕਤੀ ਨੇ ਆਪਣੀ ਸਿਰੀ ਸਾਹਿਬ ਕੱਢ ਕੇ ਮਾਰ ਦਿੱਤੀ ਅਤੇ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਅੰਦਰ ਥਾਪੀਆਂ ਮਾਰਨ ਲੱਗ ਪਿਆ।
ਗੁਰਦੁਆਰਾ ਸਾਹਿਬ ਮੱਥਾ ਟੇਕਣ ਆਈ ਸੰਗਤ ਨੇ ਉਸ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਕੁਝ ਸੰਗਤਾਂ ਨੇ ਗੁਰਦੁਆਰਾ ਸਾਹਿਬ ਦੇ ਬਾਹਰ ਲਿਜਾ ਕੇ ਉਸ ਦੀ ਕੁੱਟਮਾਰ ਵੀ ਕੀਤੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦਾ ਪਤਾ ਲੱਗਦੇ ਹੀ ਉਹ ਮੌਕੇ ’ਤੇ ਪੁੱਜ ਗਏ ਅਤੇ ਸੰਗਤਾਂ ਕੋਲੋਂ ਇਸ ਵਿਅਕਤੀ ਨੂੰ ਛੁਡਵਾ ਕੇ ਪੁਲਸ ਹਵਾਲੇ ਕਰ ਦਿਤਾ।
ਮੈਨੇਜਰਾਂ ਨੇ ਇਹ ਵੀ ਦੱਸਿਆ ਕਿ ਕਾਬੂ ਕੀਤੇ ਵਿਅਕਤੀ ਦੀ ਦਾੜੀ ਕੱਟੀ ਹੋਈ ਹੈ ਅਤੇ ਕਮੀਜ਼ ਦੇ ਹੇਠਾਂ ਸਿਰੀ ਸਾਹਿਬ ਵੀ ਪਾਈ ਹੋਈ ਸੀ। ਮੈਨੇਜਰ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਤੇ ਸੇਵਾਦਾਰਾਂ ਦੀ ਚੌਕਸੀ ਸਦਕਾ ਸ਼ੱਕੀ ਵਿਅਕਤੀ ਪਹਿਲਾਂ ਹੀ ਕਾਬੂ ਕਰ ਲਿਆ ਗਿਆ। ਉਨ੍ਹਾਂ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਕਿ ਕਿਸੇ ਪ੍ਰਕਾਰ ਦੀ ਬੇਅਦਬੀ ਨਹੀਂ ਹੋਈ ਹੈ।
ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਢਲੀ ਜਾਂਚ ਦੌਰਾਨ ਹਿਰਾਸਤ ’ਚ ਲਏ ਵਿਅਕਤੀ ਨੇ ਦੱਸਿਆ ਕਿ ਉਹ ਮੰਡ ਇਲਾਕੇ ਦੇ ਨੇੜਲੇ ਪਿੰਡ ਦਾ ਨਿਵਾਸੀ ਹੈ ਅਤੇ ਉਹ ਗੁਰਦੁਆਰਾ ਸਾਹਿਬ ਮੱਥਾ ਟੇਕਣ ਆਇਆ ਸੀ
ਜਿੱਥੇ ਉਸ ਨੂੰ ਮੂੰਹ ਖੋਲ੍ਹਣ ਲਈ ਕਹਿ ਰਹੇ ਗ੍ਰੰਥੀ ਸਿੰਘ ਅਤੇ ਹੋਰ ਸੇਵਾਦਾਰਾਂ ਨਾਲ ਝਗੜਾ ਹੋ ਗਿਆ ਅਤੇ ਉਹ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲਸ ਫਿਲਹਾਲ ਪੁੱਡਾ ਕਾਲੋਨੀ ’ਚ ਹੋਏ ਕਤਲ ਕੇਸ ਦੀ ਜਾਂਚ ’ਚ ਲੱਗੀ ਹੋਈ ਹੈ ਅਤੇ ਜਲਦੀ ਹੀ ਇਸ ਮਾਮਲੇ ਦੀ ਜਾਂਚ ਕਰਕੇ ਲੋੜੀਂਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।