ਰਾਮਚੰਦਰ ਗੁਹਾ
ਪਿਛਲੇ ਸਾਲ ਨਵੰਬਰ ’ਚ ਨਵੀਂ ਦਿੱਲੀ ਵਿਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਇਕ ਭਾਸ਼ਣ ਦਿੰਦਿਆਂ ਵਿਦਵਾਨਾਂ ਨੂੰ ਇਹ ਯਕੀਨੀ ਬਣਾਉਣ ਲਈ ਆਖਿਆ ਕਿ ‘ਵਰਤਮਾਨ ਇਤਿਹਾਸ ਨੂੰ ਢੁਕਵੇਂ ਅਤੇ ਸ਼ਾਨਦਾਰ ਤਰੀਕੇ ਨਾਲ ਪੇਸ਼ ਕੀਤਾ ਜਾਵੇ।’ ਉਨ੍ਹਾਂ ਨੇ ਦੇਸ਼ ਅੰਦਰ 150 ਸਾਲਾਂ ਤੋਂ ਜ਼ਿਆਦਾ ਲੰਮਾ ਅਰਸਾ ਰਾਜ ਕਰਨ ਵਾਲੇ ਤੀਹ ਸ਼ਾਹੀ ਘਰਾਣਿਆਂ ਅਤੇ ਆਜ਼ਾਦੀ ਲਈ ਸੰਘਰਸ਼ ਕਰਨ ਵਾਲੀਆਂ 300 ਸ਼ਖ਼ਸੀਅਤਾਂ ਬਾਰੇ ਖੋਜ ਕਰਨ ਦਾ ਸੱਦਾ ਦਿੱਤਾ।
ਗ੍ਰਹਿ ਮੰਤਰੀ ਦੇ ਇਸ ਸੱਦੇ ’ਤੇ ਭਾਰਤੀ ਇਤਿਹਾਸਕ ਖੋਜ ਪ੍ਰੀਸ਼ਦ (ਆਈਸੀਐਚਆਰ) ਜੋ ਕਿ ਕੇਂਦਰ ਸਰਕਾਰ ਦੇ ਫੰਡਾਂ ਅਤੇ ਨਿਰਦੇਸ਼ਾਂ ’ਤੇ ਚੱਲਣ ਵਾਲੀ ਸੰਸਥਾ ਹੈ, ਨੇ ਝਟਪਟ ਕਾਰਵਾਈ ਵਿੱਢ ਦਿੱਤੀ। ਇਸ ਸਾਲ ਫਰਵਰੀ ਦੇ ਅਖੀਰ ਵਿਚ ‘ਦਿ ਪ੍ਰਿੰਟ’ ਨੇ ਇਕ ਰਿਪੋਰਟ ਛਾਪੀ ਸੀ ਜਿਸ ਤੋਂ ਪਤਾ ਚੱਲਿਆ ਕਿ ‘ਰਿਕਾਰਡ ਤਿੰਨ ਹਫ਼ਤਿਆਂ ਦੇ ਅੰਦਰ ਅੰਦਰ’ ਆਈਸੀਐਚਆਰ ਨੇ ਨਵੀਂ ਦਿੱਲੀ ਵਿਚ ਇਕ ਨੁਮਾਇਸ਼ ਲਗਾਈ ਜਿਸ ਦਾ ਥੀਮ ਸੀ ‘Glory of Medieval India: Manifestation of The Unexplored Indian Dynasties 8th-18th centuries’ (ਮੱਧਕਾਲੀ ਭਾਰਤ ਦਾ ਜਾਹੋ-ਜਲਾਲ: ਅੱਠਵੀਂ ਤੋਂ ਅਠਾਰਵੀਂ ਸਦੀ ਤੱਕ ਅਣਖੋਜੇ ਭਾਰਤੀ ਘਰਾਣੇ)। ਨੁਮਾਇਸ਼ ਵਿਚ ਦਰਸਾਏ ਗਏ ਇਨ੍ਹਾਂ ਘਰਾਣਿਆਂ ਵਿਚ ਚੋਲ, ਕਾਕਤੀਆ, ਮਰਾਠਾ ਅਤੇ ਵਿਜੈਨਗਰ ਸਾਮਰਾਜ ਦੇ ਸ਼ਾਸਕ ਸ਼ਾਮਲ ਸਨ। ਕੋਈ ਹੈਰਾਨੀ ਦੀ ਗੱਲ ਨਹੀਂ ਕਿ ਮੁਸਲਿਮ ਨਾਮ ਵਾਲੇ ਕਿਸੇ ਘਰਾਣੇ ਦਾ ਨਾਂ ਸ਼ਾਮਲ ਨਹੀਂ ਕੀਤਾ ਗਿਆ।
ਭਾਰਤ ਦੀ ਆਜ਼ਾਦੀ ਤੋਂ ਬਾਅਦ ਕਈ ਦਹਾਕਿਆਂ ਤੱਕ ਵਧਦੀ ਫੁੱਲਦੀ ਰਹੀ ਇਤਿਹਾਸਕ ਖੋਜ ਦੀ ਧਾਰਾ ਬਾਰੇ ਫਿਰ ਕਿਸੇ ਦਿਨ ਗੱਲ ਕੀਤੀ ਜਾ ਸਕਦੀ ਹੈ। ਫਿਲਹਾਲ ਮੈਂ ਇਤਿਹਾਸ ਨੂੰ ਮੁੜ ਲਿਖੇ ਜਾਣ ਬਾਬਤ ਚਰਚਾ ਕਰਾਂਗਾ ਜਿਸ ਨੂੰ ਮੌਜੂਦਾ ਹਾਕਮਾਂ ਵੱਲੋਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ। ਸੱਤਾਧਾਰੀ ਧਿਰ ਦੀਆਂ ਵਿਚਾਰਧਾਰਾਵਾਂ ਅਤੇ ਇਨ੍ਹਾਂ ਦੇ ਹਮਾਇਤੀ ਬੀਤੇ ਸਮਿਆਂ ਬਾਰੇ ਅਧਿਐਨ ਅਤੇ ਲਿਖਣ ਵਾਲੇ ਲੋਕਾਂ ਤੋਂ ਕੀ ਉਮੀਦ ਰੱਖਦੇ ਹਨ? ਪ੍ਰਿੰਟ ਅਤੇ ਸੋਸ਼ਲ ਮੀਡੀਆ ਰਾਹੀਂ ਜਨਤਕ ਤੌਰ ’ਤੇ ਜੋ ਕੁਝ ਕਿਹਾ ਜਾ ਰਿਹਾ ਹੈ, ਉਸ ਦੇ ਆਧਾਰ ’ਤੇ ਅਸੀਂ ਕਹਿ ਸਕਦੇ ਹਾਂ ਕਿ ‘ਹਿੰਦੂਤਵੀ ਇਤਿਹਾਸ’ ਦੇ ਤਿੰਨ ਮੂਲ ਲੱਛਣ ਇਹ ਹਨ:
ਜਦੋਂ ਪ੍ਰਾਚੀਨ ਕਾਲ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਿਹਾ ਜਾਂਦਾ ਹੈ ਕਿ ਇਤਿਹਾਸਕਾਰ ਫਿਲਾਸਫ਼ੀ, ਭਾਸ਼ਾ, ਸਾਹਿਤ, ਰਾਜ ਪ੍ਰਬੰਧ, ਦਵਾ, ਖਗੋਲ ਆਦਿ ਖੇਤਰਾਂ ਵਿਚ ਭਾਰਤ ਨੂੰ ਬਾਕੀ ਦੁਨੀਆ (ਖ਼ਾਸਕਰ ਯੂਰਪ ਅਤੇ ਅਮਰੀਕਾ) ਨਾਲੋਂ ਵਿਕਸਤ ਦੇਸ਼ ਵਜੋਂ ਪੇਸ਼ ਕਰਨ। ਪ੍ਰਾਚੀਨ ਯੁੱਗ ਵਿਚ ਆਪਣੇ ਵਿਕਸਤ ਹੋਣ ਦੀ ਕਲਪਨਾ ਆਪਣੇ ਸਭਿਆਚਾਰਕ ਜਲਾਲ ਨੂੰ ਹੁਲਾਰਾ ਦੇਣ ਦੀ ਕੜੀ ਵਜੋਂ ਦੇਖੀ ਜਾਂਦੀ ਹੈ; ਇਸ ਦੇ ਨਾਲ ਹੀ ਕੁਝ ਹੱਦ ਤੱਕ ਇਸ ਦਾਅਵੇ ਦੀ ਦਲੀਲ ਵੀ ਘੜੀ ਜਾਂਦੀ ਹੈ ਕਿ ਨੇੜ ਭਵਿੱਖ ਵਿਚ ਭਾਰਤ ਦੁਨੀਆ ਦੀ ਮੁੜ ਅਗਵਾਈ ਕਰਨ ਜਾ ਰਿਹਾ ਹੈ।
ਹਿੰਦੂਤਵੀ ਇਤਿਹਾਸ ਅਸਾਵੇਂਪਣ ਅਤੇ ਤੱਥਾਂ ਦੀਆਂ ਗ਼ਲਤੀਆਂ ਨਾਲ ਭਰਿਆ ਪਿਆ ਹੈ। ਕੋਈ ਵਿਅਕਤੀ ਇਕ ਪਾਸੇ ਮੱਧਕਾਲ ਜਾਂ ਪ੍ਰਾਚੀਨ ਕਾਲ ਦੇ ਸ਼ਾਸਕਾਂ ਦੀ ਦੈਵੀ ਰਾਜਿਆਂ ਵਜੋਂ ਮਹਿਮਾ ਕਰਦਿਆਂ ਭਾਰਤ ਨੂੰ ‘ਲੋਕਤੰਤਰ ਦੀ ਜਨਮਦਾਤੀ’ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਕੋਈ ਵਿਅਕਤੀ ਦੇਸ਼ ਦੇ ਕਿਸੇ ਵੀ ਖੇਤਰ ਵਿਚ 150 ਸਾਲ ਤੱਕ ਰਾਜ ਕਰਨ ਦਾ ਜਸ਼ਨ ਮਨਾ ਕੇ ਮੌਜੂਦਾ ਸਮਿਆਂ ਵਿਚ ਕਾਂਗਰਸ ’ਤੇ ਖ਼ਾਨਦਾਨੀ ਸਿਆਸਤ ਕਰਨ ਦੀ ਆਲੋਚਨਾ ਕਿਵੇਂ ਕਰ ਸਕਦਾ ਹੈ।
ਇਸੇ ਤਰ੍ਹਾਂ, ਜਦੋਂ ਤੁਸੀਂ ਗਾਂਧੀ ਅਤੇ ਬੋਸ ਨੂੰ ਇਕ ਦੂਜੇ ਦੇ ਕੱਟੜ ਦੁਸ਼ਮਣ ਵਜੋਂ ਪੇਸ਼ ਕਰਦੇ ਹੋ ਤਾਂ ਇਸ ਗੱਲ ਨੂੰ ਕਿਵੇਂ ਝੁਠਲਾਓਗੇ ਕਿ ਉਹ ਲੰਮੇ ਸਮੇਂ ਤੱਕ ਇਕੱਠੇ ਕੰਮ ਕਰਦੇ ਰਹੇ ਸਨ ਅਤੇ ਸਿਆਸੀ ਤੌਰ ’ਤੇ ਵੱਖਰਾ ਰਾਹ ਅਖ਼ਤਿਆਰ ਕਰਨ ਦੇ ਬਾਵਜੂਦ ਬੋਸ ਗਾਂਧੀ ਦੀ ਭਰਵੀਂ ਪ੍ਰਸ਼ੰਸਾ ਕਰਦੇ ਸਨ ਅਤੇ ਇਕ ਅਜਿਹੀ ਫ਼ੌਜ ਦੀ ਅਗਵਾਈ ਕਰਦੇ ਰਹੇ ਜਿਸ ਵਿਚ ਗਾਂਧੀ, ਨਹਿਰੂ ਅਤੇ ਮੌਲਾਨਾ ਆਜ਼ਾਦ ਦੇ ਨਾਂ ’ਤੇ ਬ੍ਰਿਗੇਡਾਂ ਬਣੀਆਂ ਹੋਈਆਂ ਸਨ। ਅੰਤ ਵਿਚ ਹਿੰਦੂਆਂ ਨੂੰ ਮੁੱਢੋਂ ਸੁੱਢੋਂ ਨੇਕਬਖ਼ਤ ਮਿੱਥ ਕੇ ਉਨ੍ਹਾਂ ਨੂੰ ਵਿਦੇਸ਼ੀਆਂ ਜਾਂ ਹਮਲਾਵਰਾਂ ਦੇ ਵਿਤਕਰਿਆਂ ਦਾ ਸ਼ਿਕਾਰ ਹੋਣ ਦੀ ਤਸਵੀਰ ਪੇਸ਼ ਕਰਦਿਆਂ ਇਸ ਤੱਥ ਨੂੰ ਲੁਕੋ ਲਿਆ ਜਾਵੇ ਕਿ ਪਿੱਤਰਸੱਤਾ ਅਤੇ ਜਾਤੀਵਾਦੀ ਵਿਵਸਥਾ ਤਹਿਤ ਹਿੰਦੂਆਂ ’ਤੇ ਜਿੰਨਾ ਜਬਰ ਜ਼ੁਲਮ ਹਿੰਦੂਆਂ ਨੇ ਢਾਹਿਆ ਹੈ, ਓਨਾ ਮੁਸਲਮਾਨਾਂ ਜਾਂ ਇਸਾਈਆਂ ਨੇ ਨਹੀਂ ਢਾਹਿਆ।
ਇਤਿਹਾਸਕ ਅਧਿਐਨ ਦੇ ਇਨ੍ਹਾਂ ਦਿਲਚਸਪ ਖੇਤਰਾਂ ਦੀ ਇਹ ਸੂਚੀ ਮਿਸਾਲ ਵਜੋਂ ਦਿੱਤੀ ਗਈ ਹੈ, ਨਹੀਂ ਤਾਂ ਇਹ ਹੋਰ ਵੀ ਲੰਬੀ ਹੋ ਸਕਦੀ ਹੈ। ਫਿਰ ਵੀ ਪਾਠਕ ਇਸ ਤੋਂ ਸਹਿਜੇ ਹੀ ਅੰਦਾਜ਼ਾ ਲਾ ਸਕਦਾ ਹੈ ਕਿ ਮਨੁੱਖੀ ਜੀਵਨ ਅਤੇ ਤਜ਼ਰਬੇ ਦੇ ਹੋਰ ਕਿੰਨੇ ਅਜਿਹੇ ਖੇਤਰ ਹਨ ਜਿਨ੍ਹਾਂ ਨੂੰ ਹਿੰਦੂਤਵੀ ਇਤਿਹਾਸਕਾਰ ਨਜ਼ਰਅੰਦਾਜ਼ ਕਰ ਦਿੰਦੇ ਹਨ ਪਰ ਅਤੀਤ ਦੀ ਸੱਚ-ਮੁੱਚ ਜਗਿਆਸਾ ਰੱਖਣ ਵਾਲੇ ਪੜ੍ਹੇ ਲਿਖੇ ਭਾਰਤੀ ਇਨ੍ਹਾਂ ਬਾਰੇ ਜ਼ਰੂਰ ਜਾਣਨਾ ਚਾਹੁੰਦੇ ਹਨ। ਚੰਗੇ ਭਾਗੀਂ ਕਿਸੇ ਵਿਚਾਰਧਾਰਕ ਕੁਹਾੜਾ ਚਲਾਉਣ ਦੇ ਸ਼ੌਕ ਤੋਂ ਪਰ੍ਹੇ ਪੇਸ਼ੇਵਰ ਇਤਿਹਾਸਕਾਰਾਂ ਨੇ ਕਾਫ਼ੀ ਸੂਝ-ਬੂਝ ਨਾਲ ਇਨ੍ਹਾਂ ਵਿਸ਼ਿਆਂ ਬਾਰੇ ਲਿਖਿਆ ਹੈ। ਇਨ੍ਹਾਂ ਦਾ ਜ਼ਿਆਦਾਤਰ ਕਾਰਜ ਇੰਡੀਅਨ ਇਕੌਨੋਮਿਕ ਐਂਡ ਸੋਸ਼ਲ ਹਿਸਟਰੀ ਰੀਵਿਊ (ਆਈਈਐੱਸਐਚਆਰ) ਵਿਚ ਪ੍ਰਕਾਸ਼ਿਤ ਹੋਇਆ ਹੈ ਜਿਸ ਦਾ ਵੱਕਾਰ ਤੇ ਹੈਸੀਅਤ ਸਥਾਪਤ ਕਰਨ ਵਿਚ ਮਰਹੂਮ ਪ੍ਰੋਫੈਸਰ ਸ਼੍ਰੀਮਤੀ ਧਰਮ ਕੁਮਾਰ ਦਾ ਬਹੁਤ ਵੱਡਾ ਹੱਥ ਸੀ ਜੋ ਲਗਭਗ ਤਿੰਨ ਦਹਾਕਿਆਂ ਤੱਕ ਇਸ ਪੱਤ੍ਰਿਕਾ ਦਾ ਸੰਪਾਦਨ ਕਰਦੇ ਰਹੇ ਸਨ। ਪ੍ਰੋਫੈਸਰ ਧਰਮ ਕੁਮਾਰ ਅਸੂਲੀ ਉਦਾਰਵਾਦੀ ਸਨ ਅਤੇ ਖੱਬੇਪੱਖੀ ਤੇ ਸੱਜੇਪੱਖੀ ਚਿੰਤਕਾਂ ਨੂੰ ਦੁਰਕਾਰਦੇ ਸਨ (ਮਾਰਕਸਵਾਦੀ ਉਨ੍ਹਾਂ ਨੂੰ ਨਫ਼ਰਤ ਕਰਦੇ ਸਨ) ਜੋ ਇਤਿਹਾਸਕ ਖੋਜ ਦਾ ਦਾਇਰਾ ਵਸੀਹ ਕਰਨ ਵਿਚ ਬਹੁਤ ਰੁਚੀ ਲੈਂਦੇ ਸਨ ਅਤੇ ਨੌਜਵਾਨ ਵਿਦਵਾਨਾਂ ਨੂੰ ਹੱਲਾਸ਼ੇਰੀ ਦਿੰਦੇ ਸਨ। ਆਈਈਐੱਸਐਚਆਰ ਜਿਹੇ ਰਸਾਲਿਆਂ ਦੇੇ ਖੋਜ ਪੱਤਰਾਂ ਤੋਂ ਇਲਾਵਾ, ਬਿਹਤਰੀਨ ਭਾਰਤੀ ਇਤਿਹਾਸਕਾਰਾਂ ਨੇ ਆਪਣੇ ਵਿਸ਼ੇਸ਼ ਅਤੇ ਆਮ ਪਾਠਕਾਂ ਲਈ ਕਿਤਾਬਾਂ ਵੀ ਪ੍ਰਕਾਸ਼ਿਤ ਕਰਵਾਈਆਂ ਹਨ ਅਤੇ ਕਈ ਹੋਰ ਕਿਤਾਬਾਂ ਪ੍ਰਕਾਸ਼ਿਤ ਕਰਵਾਈਆਂ ਜਾ ਰਹੀਆਂ ਹਨ।
ਮਹਾਨ ਡੱਚ ਵਿਦਵਾਨ ਪੀਟਰ ਗੇਅਲ ਨੇ ਇਕੇਰਾਂ ਆਖਿਆ ਸੀ ਕਿ ਇਤਿਹਾਸ ਇਕ ਅਜਿਹਾ ਤਰਕ ਹੈ ਜਿਸ ਦਾ ਕੋਈ ਅੰਤ ਨਹੀਂ ਹੁੰਦਾ। ਭਾਰਤ ਦੇ ਅਤੀਤ ਦੇ ਅਧਿਐਨ ਨੂੰ ਤਾਂ ਹੀ ਅਮੀਰ ਬਣਾਇਆ ਜਾ ਸਕਦਾ ਹੈ ਜੇ ਵੱਖੋ ਵੱਖਰੇ ਚੌਖਟਿਆਂ, ਵੱਖੋ ਵੱਖਰੀਆਂ ਬਿਰਤਾਂਤਕ ਰਣਨੀਤੀਆਂ ਦੇ ਵਿਦਵਾਨਾਂ ਨੂੰ ਖੁੱਲ੍ਹ ਦਿੱਤੀ ਜਾਵੇ। ਜੇ ਕਿਸੇ ਸੰਭਾਵੀ ਇਤਿਹਾਸਕਾਰ ਦੁਆਲੇ ਇਕ ਵਿਚਾਰਧਾਰਕ ਕੰਧ ਉਸਾਰ ਦਿੱਤੀ ਜਾਵੇ ਅਤੇ ਕੋਈ ਸੱਤਾਧਾਰੀ ਸਿਆਸਤਦਾਨ ਵਿਦਵਾਨਾਂ ਨੂੰ ਇਹ ਨਿਰਦੇਸ਼ ਦੇਣ ਲੱਗ ਪਵੇ ਕਿ ਕਿਸ ਚੀਜ਼ ਨੂੰ ਉਭਾਰਨਾ ਹੈ ਤੇ ਕਿਸ ਨੂੰ ਦਬਾਉਣਾ ਹੈ ਤਾਂ ਇਹ ਕੰਮ ਸੰਭਵ ਨਹੀਂ ਹੋ ਸਕੇਗਾ। ਕਿਸੇ ਸਮੇਂ ਵਿਦਵਾਨ ਦੱਸਦੇ ਸਨ ਕਿ ‘ਇਤਿਹਾਸ ਨੂੰ ਝੂਠ ਦੀ ਸਟਾਨਵਾਦੀ ਪੁੱਠ’ ਦਿੱਤੀ ਗਈ ਸੀ; ਚੰਗੇ ਭਾਗੀਂ ਉਹੋ ਜਿਹੀ ਸਮੱਸਿਆ ਹੁਣ ਨਹੀਂ ਰਹੀ। ਉਂਝ, ਸਾਡਾ ਵਾਹ ਹੁਣ ਜਿਸ ਸ਼ੈਅ ਨਾਲ ਪੈ ਰਿਹਾ ਹੈ ਉਹ ਹੈ ਇਤਿਹਾਸ ਦਾ ਹਿੰਦੂਤਵੀ ਵਿਗਾੜ ਜਿਸ ਤਹਿਤ ਆਪਣੇ ਬਹੁਗਿਣਤੀਪ੍ਰਸਤ ਤੇ ਕੁੰਠਾਵਾਦੀ ਏਜੰਡੇ ਦੀ ਪੂਰਤੀ ਲਈ ਗਿਣ-ਮਿੱਥ ਕੇ ਅਤੀਤ ਦੀ ਗ਼ਲਤ ਪੇਸ਼ਕਾਰੀ ਕੀਤੀ ਜਾਂਦੀ ਹੈ।