ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ 24 ਦਸੰਬਰ ਨੂੰ ਹੋਵੇਗੀ ਮਾਪੇ-ਅਧਿਆਪਕ ਮਿਲਣੀ

ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸਕੂਲ ਸਿੱਖਿਆ ਵਿਭਾਗ ਵਲੋਂ ਸਕੂਲ ਸਿੱਖਿਆ ਵਿੱਚ ਗੁਣਾਤਮਿਕ ਸੁਧਾਰ ਅਤੇ ਕ੍ਰਾਂਤੀਕਾਰੀ ਤਬਦੀਲੀ ਲਿਆਉਣ ਲਈ ਕੀਤੇ ਜਾ ਰਹੇ ਹਨ । ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਮਿਤੀ 24 ਦਸੰਬਰ ਨੂੰ ਮਾਪੇ-ਅਧਿਆਪਕ ਮਿਲਣੀ ਇਨਸਪਾਇਰ 2.0 ਕਰਵਾਈ ਜਾ ਰਹੀ ਹੈ, ਜਿਸ ਵਿੱਚ 10 ਲੱਖ ਤੋਂ ਵੱਧ ਮਾਪਿਆਂ ਵਲੋਂ ਸ਼ਮੂਲੀਅਤ ਕੀਤੀ ਜਾਵੇਗੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਸਵੇਰੇ 10:00 ਵਜੇ ਤੋਂ ਬਾਅਦ ਦੁਪਹਿਰ 3:00 ਵਜੇ ਤੱਕ ਚੱਲਣ ਵਾਲੇ ਇਸ ਪ੍ਰੋਗਰਾਮ ਵਿੱਚ ਅਧਿਆਪਕ, ਵਿਦਿਆਰਥੀ ਤੇ ਉਨ੍ਹਾਂ ਦੇ ਮਾਪੇ, ਸਕੂਲ ਮੈਨੇਜਮੈਂਟ ਕਮੇਟੀਆਂ ਅਤੇ ਹੋਰ ਮੋਹਤਬਰ ਵਿਅਕਤੀ ਮਿਲ ਬੈਠ ਕੇ ਸਕੂਲ ਸਿੱਖਿਆ ਦੇ ਪ੍ਰਬੰਧਾਂ ਨੂੰ ਬਿਹਤਰ ਬਣਾਉਣ ਵਾਸਤੇ ਵਿਚਾਰ ਕਰਨਗੇ। ਉਨ੍ਹਾਂ ਕਿਹਾ ਕਿ ਇਸ ਮੌਕੇ ਸਕੂਲਾਂ ਵਿੱਚ ਕੀਤੇ ਜਾ ਕੰਮਾਂ ਨੂੰ ਪ੍ਰਦਰਸ਼ਿਤ ਕਰਦੀਆਂ ਪ੍ਰਦਰਸ਼ਨੀਆਂ, ਲਾਇਬ੍ਰੇਰੀ ਲੰਗਰ ਅਤੇ ਅਕਾਦਮਿਕ ਪ੍ਰਾਪਤੀਆਂ ਇਸ ਪ੍ਰੋਗਰਾਮ ਦਾ ਖਿੱਚ ਦਾ ਕੇਂਦਰ ਹੋਣਗੀਆਂ।

ਸ੍ਰੀ ਬੈਂਸ ਨੇ ਅੱਜ ਪੰਜਾਬ ਦੇ ਸਾਰੇ ਵਿਧਾਇਕ ਸਾਹਿਬਾਨ ਅਤੇ ਡਿਪਟੀ ਕਮਿਸ਼ਨਰਜ ਨੂੰ ਪੱਤਰ ਵੀ ਲਿਖਿਆ ਅਤੇ ਨਾਲ ਹੀ ਸਮੂਹ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਇਸ ਇਤਿਹਾਸਿਕ ਮੌਕੇ ਵਿੱਚ ਆਪਣੀ ਭਾਗੀਦਾਰੀ ਯਕੀਨੀ ਬਣਾਉਣ। ਉਨ੍ਹਾਂ ਅਧਿਕਾਰੀਆਂ ਨੂੰ 24 ਦਸੰਬਰ ਦਾ ਸਾਰਾ ਦਿਨ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਤੇ ਹੱਲਾਸ਼ੇਰੀ ਦੇਣ ਵਾਸਤੇ ਰਾਖਵਾਂ ਰੱਖਣ ਲਈ ਕਿਹਾ ਤਾਂ ਕਿ ਪੰਜਾਬ ਦੇ ਸਕੂਲ ਸਿੱਖਿਆ ਸਿਸਟਮ ਨੂੰ ਵਿਸ਼ਵ ਪੱਧਰੀ ਬਣਾਉਣ ਦੇ ਸੁਪਨੇ ਨੂੰ ਸਾਕਾਰ ਕੀਤਾ ਜਾ ਸਕੇ।

Leave a Reply

error: Content is protected !!