ਕੇਜਰੀਵਾਲ ਨੇ ਭਾਜਪਾ ‘ਤੇ ਲਗਾਇਆ ਆਰੋਪ, ਕਿਹਾ- ਪਹਿਲਾਂ ਅਪਰੇਸ਼ਨ ਲੋਟਸ ਨਾਲ ਪਾਰਟੀ ਨੂੰ ਖਰੀਦਣਾ ਚਾਹੁੰਦੇ ਸੀ ਤੇ ਹੁਣ…’,

ਮੁੰਬਈ: ਮਹਾਰਾਸ਼ਟਰ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੀਐਮ ਭਗਵੰਤ ਮਾਨ, ਰਾਘਵ ਚੱਢਾ ਸਮੇਤ ਹੋਰ ਸੀਨੀਅਰ ਆਗੂਆਂ ਨੇ ਬੁੱਧਵਾਰ ਨੂੰ ਸਾਬਕਾ ਸੀਐਮ ਊਧਵ ਠਾਕਰੇ ਅਤੇ ਸ਼ਿਵ ਸੈਨਾ ਦੇ ਨੇਤਾਵਾਂ ਨਾਲ ਮੁਲਾਕਾਤ ਕੀਤੀ। ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸ਼ਿਵ ਸੈਨਾ ਯੂਬੀਟੀ ਮੁਖੀ ਊਧਵ ਠਾਕਰੇ ਨੇ ਮੇਰੇ ਨਾਲ ਵਾਅਦਾ ਕੀਤਾ ਹੈ ਕਿ ਉਹ ਆਰਡੀਨੈਂਸ ਵਿਰੁੱਧ ਲੜਾਈ ਦਾ ਸਮਰਥਨ ਕਰਨਗੇ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅਸੀਂ ਰਿਸ਼ਤੇ ਕਮਾਉਣ ਵਾਲੇ ਲੋਕ ਹਾਂ। ਰਾਜਨੀਤੀ ਅਪਣੀ ਥਾਂ ਹੈ। ਅਸੀਂ ਲੋਕਤੰਤਰ ਨੂੰ ਬਚਾਉਣ ਲਈ ਇਕੱਠੇ ਹੋਏ ਹਾਂ।

ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 8 ਸਾਲ ਦੀ ਲੰਬੀ ਲੜਾਈ ਤੋਂ ਬਾਅਦ ਸਾਨੂੰ ਸੁਪਰੀਮ ਕੋਰਟ ਤੋਂ ਦਿੱਲੀ ਨੂੰ ਚਲਾਉਣ ਦਾ ਅਧਿਕਾਰ ਮਿਲਿਆ ਹੈ। ਅੱਠ ਦਿਨਾਂ ਦੇ ਅੰਦਰ ਕੇਂਦਰ ਸਰਕਾਰ ਨੇ ਆਰਡੀਨੈਂਸ ਜਾਰੀ ਕਰਕੇ ਉਹ ਅਧਿਕਾਰ ਵਾਪਸ ਲੈ ਲਏ। ਲੋਕਤੰਤਰ ਵਿਚ, ਚੁਣੀ ਹੋਈ ਸਰਕਾਰ ਕੋਲ ਸ਼ਕਤੀ ਹੋਣੀ ਚਾਹੀਦੀ ਹੈ। ਲੋਕਾਂ ਨੂੰ ਲੋਕਤੰਤਰ ਵਿਚ ਚੱਲਣਾ ਚਾਹੀਦਾ ਹੈ। ਭਾਜਪਾ ਦੇ ਲੋਕ ਜੱਜ ਖਿਲਾਫ਼ ਮੁਹਿੰਮ ਚਲਾ ਰਹੇ ਹਨ। ਈਡੀ ਅਤੇ ਸੀਬੀਆਈ ਰਾਹੀਂ ਸ਼ਿਵ ਸੈਨਾ ਦੀ ਸਰਕਾਰ ਨੂੰ ਡੇਗ ਦਿਤਾ ਗਿਆ ਸੀ। ਦਿੱਲੀ ਵਿਚ ਵੀ ਸਾਡੇ ਵਿਧਾਇਕਾਂ ਨੂੰ ਖਰੀਦਣ ਲਈ ਆਪਰੇਸ਼ਨ ਲੋਟਸ ਚਲਾਇਆ ਗਿਆ।

ਪ੍ਰਧਾਨ ਮੰਤਰੀ ਦਾ ਨਾਂ ਲਏ ਬਿਨਾਂ ਉਨ੍ਹਾਂ ਕਿਹਾ ਕਿ ਅਜਿਹਾ ਵਿਅਕਤੀ ਦੇਸ਼ ਨਹੀਂ ਚਲਾ ਸਕਦਾ। ਉਹ ਹਉਮੈ ਵਿਚ ਰਹਿ ਰਿਹਾ ਹੈ। ਇੰਨਾ ਹੀ ਨਹੀਂ ਪੰਜਾਬ ਦੇ ਰਾਜਪਾਲ ਨੇ ਇਸ ਵਾਰ ਬਜਟ ਸੈਸ਼ਨ ਨਹੀਂ ਹੋਣ ਦਿਤਾ। ਇਸ ਲਈ ਜ਼ਰੂਰੀ ਹੈ ਕਿ ਰਾਜ ਸਭਾ ਵਿਚ ਸਾਰੀਆਂ ਵਿਰੋਧੀ ਪਾਰਟੀਆਂ ਮਿਲ ਕੇ ਕੇਂਦਰ ਦੇ ਬਿੱਲ ਰਾਜਸਭਾ ਵਿਚ ਸੁੱਟ ਦੇਣ। ਜੇਕਰ ਅਜਿਹਾ ਹੁੰਦਾ ਹੈ ਤਾਂ 2024 ਤੋਂ ਬਾਅਦ ਇਹ ਸਰਕਾਰ ਦੁਬਾਰਾ ਨਹੀਂ ਆਵੇਗੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦੇਸ਼ ਕਿਸੇ ਦੇ ਬਾਪ ਦੀ ਜਾਇਦਾਦ ਨਹੀਂ ਹੈ। ਉਹ ਅਪਣੇ ਆਪ ਨੂੰ ਅਗਲੇ 35 ਸਾਲਾਂ ਲਈ ਪ੍ਰਧਾਨ ਮੰਤਰੀ ਮੰਨ ਰਹੇ ਹਨ। ਲੋਕਤੰਤਰ ਖ਼ਤਰੇ ਵਿੱਚ ਹੈ। ਚੁਣੀ ਹੋਈ ਸਰਕਾਰ ਨੂੰ ਤੰਗ ਕੀਤਾ ਜਾ ਰਿਹਾ ਹੈ। ਰਾਜਪਾਲ ਭਾਜਪਾ ਦੇ ਸਟਾਰ ਪ੍ਰਚਾਰਕ ਬਣ ਗਏ ਹਨ।

Leave a Reply

error: Content is protected !!