ਭਾਰਤ ਦੇ ਆਈ.ਟੀ. ਸੈਕਟਰ ‘ਚ ਪਿਛਲੇ ਇਕ ਸਾਲ ਦੌਰਾਨ 60 ਹਜ਼ਾਰ ਠੇਕਾ ਮੁਲਾਜ਼ਮਾਂ ਦੀ ਗਈ ਨੌਕਰੀ
ਨਵੀਂ ਦਿੱਲੀ : ਪਿਛਲੇ ਕੁੱਝ ਮਹੀਨਿਆਂ ‘ਚ ਸੂਚਨਾ ਤਕਨਾਲੋਜੀ (ਆਈ. ਟੀ.) ਸੈਕਟਰ ਲਈ ਮੁਸ਼ਕਲਾਂ ਵਧ ਗਈਆਂ ਹਨ। ਪਿਛਲੇ ਇਕ ਸਾਲ ਦੌਰਾਨ ਦੇਸ਼ ਵਿਚ ਇਸ ਸੈਕਟਰ ਵਿਚ ਲਗਭਗ 60,000 ਠੇਕਾ ਕਰਮਚਾਰੀਆਂ ਦੀ ਛਾਂਟੀ ਕੀਤੀ ਗਈ ਹੈ। ਇਸ ਉਦਯੋਗ ਦੀ ਕੀਮਤ ਲਗਭਗ 194 ਬਿਲੀਅਨ ਡਾਲਰ ਹੈ। ਇਸ ਵਿਚ ਲੱਖਾਂ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਭਾਰਤੀ ਆਈ.ਟੀ. ਕੰਪਨੀਆਂ ਨੂੰ ਅਪਣੇ ਕਾਰੋਬਾਰ ਦਾ ਵੱਡਾ ਹਿੱਸਾ ਵਿਦੇਸ਼ਾਂ ਤੋਂ ਮਿਲਦਾ ਹੈ।
ਦੇਸ਼ ਵਿਚ 120 ਤੋਂ ਵੱਧ ਭਰਤੀ ਏਜੰਸੀਆਂ ਦੀ ਨੁਮਾਇੰਦਗੀ ਕਰਨ ਵਾਲੀ ਭਾਰਤੀ ਸਟਾਫਿੰਗ ਫ਼ੈਡਰੇਸ਼ਨ ਦੇ ਪ੍ਰਧਾਨ ਲੋਹਿਤ ਭਾਟੀਆ ਨੇ ਕਿਹਾ, “ਇਸ ਸੈਕਟਰ ਵਿਚ ਠੇਕੇ ਦੇ ਕਰਮਚਾਰੀਆਂ ਦੀ ਭਰਤੀ ਵਿਚ ਗਿਰਾਵਟ ਇਸ ਸੈਕਟਰ ਵਿਚ ਭਰਤੀ ਵਿਚ ਵਿਸ਼ਵਵਿਆਪੀ ਮੰਦੀ ਦੇ ਸਮਾਨ ਹੈ।” ਹਾਲਾਂਕਿ, ਉਸੇ ਸਮੇਂ ਉਨ੍ਹਾਂ ਕਿਹਾ ਕਿ ਉੱਚ ਖ਼ਪਤਕਾਰਾਂ ਦੀ ਮੰਗ ਕਾਰਨ ਨਿਰਮਾਣ, ਲੌਜਿਸਟਿਕਸ ਅਤੇ ਪ੍ਰਚੂਨ ਖੇਤਰਾਂ ਵਿਚ ਭਰਤੀ ਮਜ਼ਬੂਤ ਰਹੀ।
ਸੈਂਟਰ ਫ਼ਾਰ ਮਾਨੀਟਰਿੰਗ ਇੰਡੀਅਨ ਇਕਾਨਮੀ (CMIE) ਦੇ ਅਨੁਸਾਰ, ਦੇਸ਼ ਦੀ ਬੇਰੁਜ਼ਗਾਰੀ ਦਰ ਅਪ੍ਰੈਲ ਵਿਚ ਲਗਾਤਾਰ ਚੌਥੇ ਮਹੀਨੇ ਵਧ ਕੇ 8.11 ਪ੍ਰਤੀਸ਼ਤ ਹੋ ਗਈ ਹੈ। ਪਿਛਲੇ ਮਹੀਨੇ ਇਹ 7.8 ਫ਼ੀ ਸਦੀ ‘ਤੇ ਸੀ। ਇਸ ਸਾਲ ਦੇ ਸ਼ੁਰੂ ਵਿਚ, ਗਲੋਬਲ ਆਈਟੀ ਕੰਪਨੀ ਮਾਈਕ੍ਰੋਸਾਫਟ ਨੇ ਹਜ਼ਾਰਾਂ ਕਰਮਚਾਰੀਆਂ ਦੀ ਛਾਂਟੀ ਕਰਨ ਦਾ ਫ਼ੈਸਲਾ ਕੀਤਾ ਸੀ। ਕੰਪਨੀ ਨੇ ਅਪਣੇ ਕਰਮਚਾਰੀਆਂ ਨੂੰ ਲਗਭਗ 5 ਪ੍ਰਤੀਸ਼ਤ ਤੱਕ ਘਟਾਉਣ ਦੀ ਯੋਜਨਾ ਬਣਾਈ ਹੈ। ਮਾਈਕ੍ਰੋਸਾਫਟ ਤੋਂ ਲਗਭਗ 11,000 ਕਰਮਚਾਰੀਆਂ ਨੂੰ ਕਢਿਆ ਜਾ ਸਕਦਾ ਹੈ । ਇੰਜਨੀਅਰਿੰਗ ਅਤੇ ਮਨੁੱਖੀ ਵਸੀਲਿਆਂ ਦੀ ਵੰਡ ‘ਤੇ ਇਸ ਦਾ ਜ਼ਿਆਦਾ ਪ੍ਰਭਾਵ ਪਵੇਗਾ। ਮਾਈਕ੍ਰੋਸਾਫਟ ਅਪਣੀ ਕਲਾਉਡ ਯੂਨਿਟ ਅਜ਼ੁਰ ਦੀ ਵਿਕਾਸ ਦਰ ਨੂੰ ਬਰਕਰਾਰ ਰੱਖਣ ਲਈ ਦਬਾਅ ਹੇਠ ਹੈ। ਪਿਛਲੀਆਂ ਕੁਝ ਤਿਮਾਹੀਆਂ ਤੋਂ ਪਰਸਨਲ ਕੰਪਿਊਟਰਾਂ ਦਾ ਬਾਜ਼ਾਰ ਮੰਦੀ ਦੀ ਮਾਰ ਝੱਲ ਰਿਹਾ ਹੈ ਅਤੇ ਇਸ ਕਾਰਨ ਮਾਈਕ੍ਰੋਸਾਫਟ ਦੇ ਵਿੰਡੋਜ਼ ਅਤੇ ਡਿਵਾਈਸਾਂ ਦੀ ਵਿਕਰੀ ‘ਚ ਭਾਰੀ ਕਮੀ ਆਈ ਹੈ।