ਬਾਬਾ ਬਕਾਲਾ ’ਚ ਵੇਟ ਲਿਫਟਰ ਵਜੋਂ ਜਾਣੇ ਜਾਂਦੇ ਜਰਨੈਲ ਸਿੰਘ ਦਾ ਗੋਲ਼ੀਆਂ ਮਾਰ ਕੇ ਕਤਲ
ਬਾਬਾ ਬਕਾਲਾ ਸਾਹਿਬ : ਬਾਬਾ ਬਕਾਲਾ ਸਾਹਿਬ ਦੇ ਕਸਬਾ ਸਠਿਆਲਾ ’ਚ ਕਾਲਜ ਦੇ ਸਾਬਕਾ ਪ੍ਰਧਾਨ ਜਰਨੈਲ ਸਿੰਘ ਦਾ ਚਾਰ ਸ਼ੂਟਰਾਂ ਨੇ ਸ਼ਰੇਆਮ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਹਮਲਾਵਰਾਂ ਨੇ ਜਰਨੈਲ ਸਿੰਘ ਨੂੰ 20 ਤੋਂ 25 ਦੇ ਕਰੀਬ ਗੋਲ਼ੀਆਂ ਮਾਰੀਆਂ। ਗੋਲ਼ੀਆਂ ਲੱਗਣ ਕਾਰਣ ਜਰਨੈਲ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰ ਸਵਿਫਟ ਕਾਰ ’ਤੇ ਸਵਾਰ ਹੋ ਕੇ ਆਏ ਸਨ। ਜਰਨੈਲ ਸਿੰਘ ਵੇਟ ਲਿਫਟਰ ਵਜੋਂ ਵੀ ਜਾਣਿਆ ਜਾਂਦਾ ਸੀ। ਮੌਕੇ ’ਤੇ ਲੋਕਾਂ ਨੇ ਦੱਸਿਆ ਹੈ ਕਿ ਜਰਨੈਲ ਸਿੰਘ ਘੁੜੱਕੇ ’ਤੇ ਆਪਣੀ ਬਹਿਕ ਤੋਂ ਤੇਲ ਕਢਾਉਣ ਲਈ ਸਰ੍ਹੋਂ ਲੈ ਕੇ ਆ ਰਿਹਾ ਸੀ, ਇਸ ਦੌਰਾਨ ਜਦੋਂ ਉਹ ਚੱਕੀ ਅੰਦਰੋਂ ਬਾਹਰ ਨਿਕਲਿਆ ਤਾਂ ਚਾਰ ਵਿਅਕਤੀ ਜਿਨ੍ਹਾਂ ਨੇ ਮੂੰਹ ਬੰਨ੍ਹੇ ਹੋਏ ਸਨ ਨੇ ਉਸ ’ਤੇ ਲਗਾਤਾਰ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਹਮਲੇ ਵਿਚ ਜਰਨੈਲ ਸਿੰਘ ਦੀ ਮੌਕੇ ’ਤੇ ਹੋ ਗਈ।
ਪੁਲਸ ਨੇ ਦੱਸਿਆ ਕਿ ਮੌਕੇ ਤੋਂ ਗੋਲ਼ੀਆਂ ਦੇ 25 ਦੇ ਕਰੀਬ ਖੋਲ ਬਰਾਮਦ ਹੋਏ ਹਨ। ਵਾਰਦਾਤ ਦੀ ਸੂਚਨਾ ਮਿਲਣ ਤੋਂ ਬਾਅਦ ਡੀ. ਐੱਸ. ਪੀ. ਪੁਲਸ ਫੋਰਸ ਸਮੇਤ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਪਹੁੰਚੇ। ਮ੍ਰਿਤਕ ਜਰਨੈਲ ਸਿੰਘ ਵਿਆਹੁਤਾ ਸੀ ਅਤੇ ਉਸ ਦੀ ਉਮਰ ਕਰੀਬ 40-45 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਜਰਨੈਲ ਸਿੰਘ ਵੇਟ ਲਿਫਟਰ ਵਜੋਂ ਵੀ ਜਾਣਿਆ ਜਾਂਦਾ ਸੀ। ਇਸ ਵਾਰਦਾਤ ਤੋਂ ਬਾਅਦ ਇਲਾਕੇ ਭਰ ਵਿਚ ਦਹਿਸ਼ਤ ਦਾ ਮਾਹੌਲ ਹੈ।