ਸੰਗਰੂਰ ’ਚ ਬਾਕਸਰ ’ਤੇ ਜਾਨਲੇਵਾ ਹਮਲਾ, ਤੋੜ ਦਿੱਤੀਆਂ ਲੱਤਾਂ-ਬਾਹਾਂ
ਸੰਗਰੂਰ : ਸੰਗਰੂਰ ਵਿਖੇ ਕੁਝ ਵਿਅਕਤੀਆਂ ਵੱਲੋਂ ਸਟੇਡੀਅਮ ਪ੍ਰੈਕਟਿਸ ਕਰਨ ਜਾ ਰਹੇ ਖਿਡਾਰੀ ‘ਤੇ ਜਾਨਲੇਵਾ ਹਮਲਾ ਕਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਿਸ ਵਿੱਚ ਉਕਤ ਖਿਡਾਰੀ ਦੇ ਗੰਭੀਰ ਸੱਟਾਂ ਲੱਗੀਆਂ ਹਨ। ਜ਼ਖ਼ਮੀ ਖਿਡਾਰੀ ਦੀ ਪਛਾਣ ਅਮਨਦੀਪ ਸਿੰਘ ਵਜੋਂ ਹੋਈ ਹੈ, ਜੋ ਇਕ ਬਾਕਸਰ ਹੈ। ਇਸ ਸਬੰਧੀ ਗੱਲ ਕਰਦਿਆਂ ਜ਼ੇਰੇ ਇਲਾਜ ਜ਼ਖ਼ਮੀ ਅਮਨਦੀਪ ਨੇ ਦੱਸਿਆ ਕਿ ਬੀਤੇ ਦਿਨ ਉਹ ਰੋਜ਼ਾਨਾ ਵਾਂਗ ਸਵੇਰੇ ਸਵੇਰੇ 6.15 ਵਜੇ ਸਕੂਟਰੀ ‘ਤੇ ਸਵਾਰ ਹੋ ਕੇ ਪ੍ਰੈਕਟਿਸ ਕਰਨ ਲਈ ਸਟੇਡੀਅਮ ਜਾ ਰਿਹਾ ਸੀ। ਇਸ ਮੌਕੇ ਨਨਕਆਣਾ ਚੌਂਕ ਤੋਂ ਸੀ. ਐੱਲ. ਟਾਵਰ ਵਾਲੇ ਰਸਤੇ ‘ਤੇ ਗੁਰਦਿਤ ਪੁਰੀ ਦਾ ਛੋਟਾ ਭਰਾ ਹਰਦਿੱਤ ਪੁਰੀ ਆਪਣੀ XUV ਗੱਡੀ ਰਾਹ ‘ਚ ਖੜ੍ਹੀ ਕਰਕੇ 4-5 ਵਿਅਕਤੀਆਂ ਸਮੇਤ ਕਾਰ ‘ਚ ਬੈਠਾ ਸੀ। ਅਮਨਦੀਪ ਨੇ ਕਿਹਾ ਕਿ ਹਰਦਿੱਤ ਸਿੰਘ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਉੱਥੇ ਖੜ੍ਹਾ ਸੀ ਤੇ ਜੇਕਰ ਉਸ ਵੇਲੇ ਉਹ ਸਕੂਟਰੀ ਭਜਾਉਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੇ ਸਿੱਧੀ ਕਾਰ ਉਸ ‘ਚ ਲਿਆ ਮਾਰ ਦੇਣੀ ਸੀ, ਇਸ ਲਈ ਮੈਂ ਸਕੂਟਰੀ ਉੱਥੇ ਰੋਕ ਲਈ।
ਇਸ ਦੌਰਾਨ ਜਿਵੇਂ ਹੀ ਹਰਦਿੱਤ ਪੁਰੀ ਸਾਥੀਆਂ ਸਮੇਤ ਕਾਰ ‘ਚੋਂ ਬਾਹਰ ਨਿਕਲਿਆ ਤਾਂ ਉਨ੍ਹਾਂ ਉਸ ‘ਤੇ ਲੋਹੇ ਦੇ ਪਾਈਪ ਤੇ ਹੱਥੋੜੇ ਨਾਲ ਹਮਲਾ ਕਰ ਦਿੱਤਾ ਤੇ ਮੈਂ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਉੱਥੋਂ ਭੱਜਿਆ। ਅਮਨਦੀਪ ਨੇ ਦੱਸਿਆ ਕਿ ਜੇਕਰ ਉਸ ਸਮੇਂ ਲੋਕਾਂ ਦਾ ਇਕੱਠ ਨਾ ਹੁੰਦਾ ਤਾਂ ਹਮਲਾਵਰਾਂ ਨੇ ਮੇਰੇ ਸਿਰ ‘ਤੇ ਵੀ ਗੰਭੀਰ ਸੱਟਾਂ ਮਾਰਨੀਆਂ ਸਨ ਪਰ ਲੋਕਾਂ ਦੀ ਭੀੜ ਕਾਰਨ ਉਸ ਦੀ ਜਾਨ ਬਚ ਗਈ। ਅਮਨਦੀਪ ਨੇ ਪ੍ਰਸ਼ਾਸਨ ਤੋਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਕਤ ਵਿਅਕਤੀਆਂ ਨੂੰ ਜਲਦ ਗ੍ਰਿਫ਼ਤਾਰ ਕਰਕੇ ਉਸ ਨੂੰ ਇਨਸਾਫ਼ ਦਿੱਤਾ ਜਾਵੇ। ਇਸ ਮੌਕੇ ਅਮਨਦੀਪ ਦੇ ਪਿਤਾ ਨੇ ਦੱਸਿਆ ਕਿ ਬਾਕਸਿੰਗ ਤੋਂ ਇਲਾਵਾ ਰੇਲਵੇ ਵਿਭਾਗ ‘ਚ ਨੌਕਰੀ ਕਰਦਾ ਹੈ ਤੇ ਡਿਊਟੀ ‘ਤੇ ਜਾਣ ਤੋਂ ਪਹਿਲਾਂ ਸਵੇਰੇ ਪ੍ਰੈਕਟਿਸ ਕਰਨ ਲਈ ਜਾਂਦਾ ਹੈ। ਉਨ੍ਹਾਂ ਆਖਿਆ ਕਿ ਹਰਦਿੱਤ ਸਿੰਘ ਜੂਨੀਅਰ ਬਾਕਸਰ ਹੈ ਤੇ ਉਹ ਮੇਰੇ ਮੁੰਡੇ ਤੋਂ ਇਰਖਾ ਕਰਦਾ ਹੈ ਕਿ ਅਮਨਦੀਪ ਅੱਗੇ ਕਿਉਂ ਵਧ ਰਿਹਾ ਹੈ।
ਅਮਨਦੀਪ ਦੀ ਹਾਲਤ ਸਬੰਧੀ ਗੱਲ ਕਰਦਿਆਂ ਡਾਕਟਰ ਨੇ ਦੱਸਿਆ ਕਿ ਉਸ ਦੀਆਂ ਦੋਵੇਂ ਲੱਤਾਂ ਫਰਕੈਚਰ ਹੋ ਚੁੱਕੀਆਂ ਹਨ ਤੇ ਉਸਦੀ ਸੱਜੀ ਕੋਹਨੀ ਵੀ ਟੁੱਟ ਗਈ ਹੈ। ਦੱਸ ਦੇਈਏ ਕਿ ਪੁਲਸ ਵੱਲੋਂ ਇਸ ਮਾਮਲੇ ‘ਚ ਉਕਤ ਵਿਅਕਤੀਆਂ ਖ਼ਿਲਾਫ਼ ਮੁਕੱਦਮਾ ਨੰਬਰ 102 ਸੈਕਸ਼ਨ 307, 323, 342, 506 ਤੇ 120 ਆਈ. ਪੀ. ਸੀ. ਦੇ ਅਧੀਨ ਮਾਮਲੇ ਦਰਜ ਕੀਤਾ ਗਿਆ ਹੈ। ਪੁਲਸ ਵੱਲੋਂ ਇਸ ਮਾਮਲੇ ‘ਚ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਬਾਕੀਆਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਮੁਤਾਬਕ ਇਸ ਵਾਰਦਾਤ ਨੂੰ ਪੁਰਾਣੀ ਰੰਜਿਸ਼ ਦੇ ਚੱਲਦਿਆਂ ਅੰਜਾਮ ਦਿੱਤਾ ਗਿਆ ਹੈ।