ਪੰਜਾਬ ‘ਚ ਅਜੇ ਵੀ ਅਕਾਲੀ-ਭਾਜਪਾ ਗਠਜੋੜ ਦੀਆਂ ਹਨ ਸੰਭਾਵਨਾਵਾਂ,

ਜਲੰਧਰ: ਭਾਰਤੀ ਜਨਤਾ ਪਾਰਟੀ ਭਾਵੇਂ ਵਾਰ-ਵਾਰ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਗਠਜੋੜ ਕਰਨ ਤੋਂ ਇਨਕਾਰ ਕਰ ਰਹੀ ਹੈ ਪਰ ਅਕਾਲੀ ਨੇਤਾ ਖ਼ੁਦ ਇਸ ਗੱਲ ਨੂੰ ਮੰਨਦੇ ਹਨ ਕਿ ਬਿਨਾਂ ਗਠਜੋੜ ਦੇ ਲੋਕ ਸਭਾ ਚੋਣ ਵੱਡੀ ਚੁਣੌਤੀ ਹੈ। ਹਾਲਾਂਕਿ ਬੀਤੇ ਐਤਵਾਰ ਨੂੰ ਸੰਗਰੂਰ ਵਿਚ ਭਾਜਪਾ ਦੀ ਕਾਰਜਕਾਰੀ ਬੈਠਕ ਵਿਚ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਾਫ਼ ਕਰ ਦਿੱਤਾ ਹੈ ਕਿ ਲੋਕ ਸਭਾ ਵਿਚ ਭਾਜਪਾ ਇਕੱਲੇ ਹੀ 13 ਸੀਟਾਂ ‘ਤੇ ਚੋਣਾਂ ਲੜੇਗੀ। ਉਥੇ ਹੀ ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਦੋਵੇਂ ਸਿਆਸੀ ਦਲ ਲੋਕ ਸਭਾ ਚੋਣਾਂ ਦੌਰਾਨ ਇਕੱਠੇ ਮੰਚ ‘ਤੇ ਆ ਸਕਦੇ ਹਨ।

ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ ਮੁਤਾਬਕ ਦੂਜੇ ਨੰਬਰ ‘ਤੇ ਕਾਂਗਰਸ, ਅਕਾਲੀ ਦਲ ਤੀਜੇ ਅਤੇ ਭਾਜਪਾ ਚੌਥੇ ਨੰਬਰ ‘ਤੇ ਰਹੀ ਹੈ। ਜਲੰਧਰ ਲੋਕ ਸਭਾ ਜ਼ਿਮਨੀ ਚੋਣ ਦੇ ਨਤੀਜੇ ਐਲਾਨ ਹੁੰਦੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਦਿੱਗਜ ਨੇਤਾਵਾਂ ਵਿਚ ਨੇ ਵੀ ਭਾਜਪਾ ਨਾਲ ਗਠਜੋੜ  ਕਰਨ ਦੀ ਲੋੜ ਮਹਿਸੂਸ ਕੀਤੀ ਹੈ। ਇਸੇ ਲੜੀ ਵਿਚ ਬੀਤੇ ਦਿਨੀਂ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਵਲਟੋਹਾ ਨੇ ਵੀ ਬਿਆਨ ਦਿੱਤਾ ਸੀ ਕਿ ਅਕਾਲੀ ਦਲ-ਭਾਜਪਾ ਦਾ ਗਠਜੋੜ ਹੁਣ ਸਮੇਂ ਹੀ ਲੋੜ ਹੈ ਕਿਉਂਕਿ ਬਿਨ੍ਹਾਂ ਗਠਜੋੜ ਦੇ ਹੁਣ ਪੰਜਾਬ ਵਿਚ ਦੋਬਾਰਾ ਸੱਤਾ ਵਿਚ ਆਉਣਾ ਮੁਸ਼ਿਕਲ ਹੋਵੇਗਾ। ਅਜਿਹੇ ਵਿਚ ਅਕਾਲੀ ਦਲ ਅਤੇ ਭਾਜਪਾ ਜੇਕਰ 2024 ਨੂੰ ਲੋਕ ਸਭਾ ਚੋਣ ਵਿਚ ਦੋਬਾਰਾ ਗਠਜੋੜ ਕਰਦੇ ਹਨ ਤਾਂ ਕਾਂਗਰਸ ਨਾਲੋਂ ਵੱਧ ਮਜ਼ਬੂਤੀ ਨਾਲ ‘ਆਪ’ ਨੂੰ ਟੱਕਰ ਦੇ ਸਕਦੇ ਹਨ। ਅਕਾਲੀ ਦਲ ਅਤੇ ਭਾਜਪਾ ਦੇ ਟੁੱਟਣ ਤੋਂ ਬਾਅਦ ਦੇ ਅੰਕੜੇ ਦੱਸਦੇ ਹਨ ਕਿ ਦੋਵਾਂ ਵਿਚੋਂ ਕੋਈ ਵੀ ਸਿਆਸੀ ਦਲ ਗਠਜੋੜ ਦੇ ਬਿਨਾਂ ਪੰਜਾਬ ਵਿਚ ਆਮ ਆਦਮੀ ਪਾਰਟੀ ਨੂੰ ਸਖ਼ਤ ਚੁਣੌਤੀ ਦੇਣ ਦੀ ਸਥਿਤੀ ਵਿਚ ਨਹੀਂ ਹੈ।

ਸਿਆਸੀ ਪੰਡਿਤਾਂ ਦੀ ਮੰਨੀਏ ਤਾਂ ਹਾਲ ਹੀ ਦੇ ਅਤੇ ਪਹਿਲਾਂ ਦੇ ਨਤੀਜਿਆਂ ਦਾ ਅੰਦਾਜ਼ਾ ਇਹੀ ਦੱਸਦਾ ਹੈ ਕਿ ਫਿਲਹਾਲ ਕਾਂਗਰਸ ਅਤੇ ‘ਆਪ’ ਹੀ ਸਿਆਸੀ ਅਖਾੜੇ ਵਿਚ ਆਹਮੋ-ਸਾਹਮਣੇ ਹਨ ਜਦਕਿ ਬਾਕੀ ਦਲ ਤੀਜੇ ਅਤੇ ਚੌਥੇ ਸਥਾਨ ‘ਤੇ ਚਲੇ ਗਏ ਹਨ। ਇਸੇ ਕਰਕੇ ਆਪ ਨੂੰ ਟੱਕਰ ਦੇਣ ਲਈ ਭਾਜਪਾ ਅਤੇ ਅਕਾਲੀ ਦਲ ਨੂੰ ਗਠਜੋੜ ‘ਤੇ ਵਿਚਾਰ ਕਰਨਾ ਹੋਵੇਗਾ। ਹਾਲਾਤ ਅਜਿਹੇ ਬਣ ਗਏ ਹਨ ਕਿ ਕਰਨਾਟਕ ਵਿਚ ਵਿਧਾਨ ਸਭਾ ਹਾਰਨ ਦੇ ਬਾਅਦ ਭਾਜਪਾ ਦੀ ਦੱਖਣੀ ਭਾਰਤ ਦੇ 6 ਸੂਬਿਆਂ ਵਿਚ ਮੁਸ਼ਕਿਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਪਾਰਟੀ ਸੂਤਰਾਂ ਦਾ ਕਹਿਣਾ ਹੈ ਕਿ ਭਾਜਪਾ ਨੇ ਲੋਕ ਸਭਾ ਚੋਣਾਂ ਵਿਚ 400 ਸੀਟਾਂ ਜਿੱਤਣ ਦਾ ਟਾਰਗੇਟ ਰੱਖਿਆ ਹੈ। ਇਸ ਲਈ ਹੁਣ ਭਾਜਪਾ ਲਈ ਹਰ ਸੂਬੇ ਦੀ ਇਕ-ਇਕ ਸੀਟ ਮਾਇਨੇ ਰੱਖਦੀ ਹੈ।

ਕੀ ਸੰਕੇਤ ਦਿੰਦਾ ਹੈ ਵੋਟ ਸ਼ੇਅਰ 
ਜਲੰਧਰ ਲੋਕ ਸਭਾ ਖੇਤਰ ਦੇ ਨਤੀਜਿਆਂ ਵਿਚ ਆਮ ਆਦਮੀ ਪਾਰਟੀ ਦਾ ਵੋਟ ਸ਼ੇਅਰ 34.1 ਫ਼ੀਸਦੀ ਹੈ। ਇਸ ਦੇ ਬਾਅਦ ਕਾਂਗਰਸ ਪਾਰਟੀ ਦਾ 27.4 ਫ਼ੀਸਦੀ, ਅਕਾਲੀ ਦਲ-ਬਸਪਾ ਦਾ 17.9 ਫ਼ੀਸਦੀ ਅਤੇ ਭਾਜਪਾ ਦਾ 15.2 ਫ਼ੀਸਦੀ ਹੈ। ਜ਼ਿਮਨੀ ਚੋਣ ਵਿਚ ਅਕਾਲੀ ਦਲ ਦਾ 17.9 ਫ਼ੀਸਦੀ ਅਤੇ ਭਾਜਪਾ ਦਾ 15.2 ਫ਼ੀਸਦੀ ਵੋਟ ਸ਼ੇਅਰ ਨੂੰ ਜੋੜਿਆ ਜਾਵੇ ਤਾਂ ਇਹ 33.1 ਫ਼ੀਸਦੀ ਬਣਦਾ ਹੈ, ਜੋ ਕਾਂਗਰਸ ਦੇ 27.4 ਫ਼ੀਸਦੀ ਨਾਲੋਂ ਕਾਫ਼ੀ ਉਪਰ ਹੈ। ਡੂੰਘਾਈ ਨਾਲ ਵੇਖਣ ‘ਤੇ ਇਹ ਵੀ ਪਤਾ ਲੱਗਦਾ ਹੈ ਕਿ ਕਾਂਗਰਸ ਨਾਲੋਂ ਵਧ ਭਾਜਪਾ ਅਤੇ ਅਕਾਲੀ ਦਲ ਇਕੱਠੇ ਹੋਣ ‘ਤੇ ‘ਆਪ’ ਜ਼ਿਆਦਾ ਟੱਕਰ ਦੇ ਸਕਦੇ ਹਨ।

2022 ਵਿਸ ਚੋਣਾਂ ਵਿਚ ਕੀ ਸਨ ਭਾਜਪਾ-ਅਕਾਲੀ ਦਲ ਦੇ ਸਮੀਕਰਨ 
ਕੇਂਦਰ ਸਰਕਾਰ ਤਿੰਨ ਵਿਵਾਦਤ ਖੇਤੀ ਕਾਨੂੰਨਾਂ ਨੂੰ ਪੇਸ਼ ਕਰਨ ਦੇ ਬਾਅਦ ਅਕਾਲੀ ਦਲ ਨੇ 2020 ਵਿਚ ਭਾਜਪਾ ਨਾਲੋਂ ਆਪਣੇ ਇਤਿਹਾਸਕ ਗਠਜੋੜ ਨੂੰ ਤੋੜ ਦਿੱਤਾ ਸੀ। ਪੰਜਾਬ ਵਿਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਅਕਾਲੀਆਂ ਨੇ ਮਾਇਆਵਤੀ ਦੀ ਬਸਪਾ ਨਾਲ ਸਮਝੌਤਾ ਕੀਤਾ ਸੀ। ਜੇਕਰ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾਵੇ ਤਾਂ ਵੀ ਅਕਾਲੀ ਦਲ ਦਾ 18.38 ਫ਼ੀਸਦੀ ਵੋਟ ਸ਼ੇਅਰ ਅਤੇ ਭਾਜਪਾ ਦੇ 6.6 ਫ਼ੀਸਦੀ ਜੋੜ ਕੇ 24.98 ਫ਼ੀਸਦੀ ਦੇ ਬਰਾਬਰ ਹੈ,ਜੋ ਪਿਛਲੇ ਸਾਲ 117 ਚੋਣ ਖੇਤਰਾਂ ਵਿਚ ਕਾਂਗਰਸ ਦੇ 22.98 ਫ਼ੀਸਦੀ ਨਾਲੋਂ ਵਧ ਹੈ।

Leave a Reply

error: Content is protected !!