2050 ਤੱਕ ਦੁਨੀਆ ’ਚ 84 ਕਰੋੜ ਲੋਕਾਂ ਨੂੰ ਹੋ ਸਕਦੀ ਹੈ ਕਮਰ ਦਰਦ ਦੀ ਸ਼ਿਕਾਇਤ

 

ਸਾਲ 2050 ਤੱਕ ਦੁਨੀਆ ਭਰ ’ਚ 84 ਕਰੋੜ ਤੋਂ ਵੱਧ ਲੋਕਾਂ ਨੂੰ ਕਮਰ ਦਰਦ ਦੀ ਸ਼ਿਕਾਇਤ ਹੋਵੇਗੀ। ‘ਲਾਂਸੇਟ ਰੂਮਾਟੋਲੋਜੀ ਜਰਨਲ’ ’ਚ ਪ੍ਰਕਾਸ਼ਿਤ ਇਕ ਨਵੇਂ ਅਧਿਐਨ ’ਚ ਇਹ ਖਦਸ਼ਾ ਪ੍ਰਗਟਾਇਆ ਗਿਆ ਹੈ। ਆਸਟਰੇਲਿਆ ਸਥਿਤ ਸਿਡਨੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਪਿਛਲੇ 30 ਸਾਲਾਂ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਅਤੇ ਪਾਇਆ ਕਿ ਲਗਾਤਾਰ ਵਧਦੀ ਜਨਸੰਖਿਆ ਅਤੇ ਬਜ਼ੁਰਗ ਆਬਾਦੀ ’ਚ ਹੋਣ ਵਾਲੇ ਵਾਧੇ ਕਾਰਨ ਏਸ਼ੀਆ ਅਤੇ ਅਫਰੀਕਾ ’ਚ ਕਮਰ ਦਰਦ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ’ਚ ਸਭ ਤੋਂ ਜ਼ਿਆਦਾ ਵਾਧਾ ਹੋਵੇਗਾ।

ਉਨ੍ਹਾਂ ਕਿਹਾ ਕਿ ਕਮਰ ਦਰਦ ਦੀਆਂ ਇਲਾਜ ਵਿਧੀਆਂ ਵਿਕਸਿਤ ਕਰਨ ਦੀ ਦਿਸ਼ਾ ’ਚ ਅਨੁਕੂਲ ਦ੍ਰਿਸ਼ਟੀਕੋਣ ਦੀ ਕਮੀ ਅਤੇ ਇਲਾਜ ਦੇ ਸੀਮਿਤ ਬਦਲਾਂ ਕਾਰਨ ਇਕ ਵੱਡਾ ਸਿਹਤ ਸੰਕਟ ਖਡ਼੍ਹਾ ਹੋਣ ਦਾ ਖਦਸ਼ਾ ਹੈ ਕਿਉਂਕਿ ਕਮਰ ਦਰਦ ਪੂਰੀ ਦੁਨੀਆ ’ਚ ਅਸਮਰੱਥਾ ਦਾ ਪ੍ਰਮੁੱਖ ਕਾਰਨ ਹੈ। ਮੁੱਖ ਖੋਜਕਾਰ ਪ੍ਰੋਫੈਸਰ ਮੈਨੁਏਲਾ ਫਰੇਰਾ ਨੇ ਕਿਹਾ, ‘‘ਸਾਡਾ ਵਿਸ਼ਲੇਸ਼ਣ ਦੁਨੀਆਭਰ ’ਚ ਕਮਰ ਦਰਦ ਦੀ ਸਮੱਸਿਆ ਨਾਲ ਜੂਝ ਰਹੇ ਲੋਕਾਂ ਦੀ ਗਿਣਤੀ ’ਚ ਵਾਧੇ ਨੂੰ ਦਰਸਾਉਂਦਾ ਹੈ, ਜੋ ਸਾਡੇ ਸਿਹਤ ਤੰਤਰ ’ਤੇ ਬਹੁਤ ਜ਼ਿਆਦਾ ਦਬਾਅ ਪਾ ਰਿਹਾ ਹੈ। ਸਾਨੂੰ ਕਮਰ ਦਰਦ ਦੇ ਪ੍ਰਬੰਧਨ ਲਈ ਇਕ ਰਾਸ਼ਟਰੀ, ਅਨੁਕੂਲ ਦ੍ਰਿਸ਼ਟੀਕੋਣ ਸਥਾਪਤ ਕਰਨ ਦੀ ਜ਼ਰੂਰਤ ਹੈ, ਜੋ ਖੋਜ ਦੀ ਬੁਨਿਆਦ ’ਤੇ ਟਿਕਿਆ ਹੋਵੇ।’’

ਔਰਤਾਂ ’ਚ ਕਮਰ ਦਰਦ ਦੇ ਮਾਮਲੇ ਜ਼ਿਆਦਾ
ਅਧਿਐਨ ਤੋਂ ਪਤਾ ਲੱਗਾ ਹੈ ਕਿ 2017 ਤੋਂ ਬਾਅਦ ਕੌਮਾਂਤਰੀ ਪੱਧਰ ’ਤੇ ਕਮਰ ਦਰਦ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਗਿਣਤੀ ਵਧ ਕੇ 50 ਕਰੋਡ਼ ਤੋਂ ਟੱਪ ਗਈ ਹੈ। ਸਾਲ 2020 ’ਚ ਪੂਰੀ ਦੁਨੀਆ ’ਚ ਕਮਰ ਦਰਦ ਦੀ ਸਮੱਸਿਆ ਨਾਲ ਜੂਝ ਰਹੇ ਮਰੀਜ਼ਾਂ ਦੀ ਗਿਣਤੀ 61.9 ਕਰੋਡ਼ ਦੇ ਆਸਪਾਸ ਦਰਜ ਕੀਤੀ ਗਈ ਸੀ। ਅਧਿਐਨ ਨਾਲ ਇਹ ਵੀ ਸਾਹਮਣੇ ਆਇਆ ਹੈ ਕਿ ਕਮਰ ਦਰਦ ਦੇ ਕਾਰਨ ਹੋਈ ਅਸਮਰੱਥਾ ਲਈ ਮੁੱਖ ਰੂਪ ’ਚ ਕਾਰਜ ਸਬੰਧੀ ਕਾਰਕ, ਸਿਗਰਟਨੋਸ਼ੀ ਅਤੇ ਮੋਟਾਪਾ ਜ਼ਿੰਮੇਵਾਰ ਹੈ। ਖੋਜਕਾਰਾਂ ਨੇ ਕਿਹਾ ਕਿ ਲੋਕਾਂ ’ਚ ਵੱਡੇ ਪੱਧਰ ’ਤੇ ਇਹ ਗਲਤ ਧਾਰਨਾ ਹੈ ਕਿ ਕਮਰ ਦਰਦ ਦੀ ਸਮੱਸਿਆ ਜ਼ਿਆਦਾਤਰ ਕਾਮਕਾਜੀ ਉਮਰ ਦੇ ਬਾਲਗਾਂ ’ਚ ਹੁੰਦੀ ਹੈ ਪਰ ਇਸ ਅਧਿਐਨ ਨਾਲ ਪੁਸ਼ਟੀ ਹੋਈ ਹੈ ਕਿ ਪਿੱਠ ਦੇ ਹੇਠਲੇ ਹਿੱਸੇ ’ਚ ਦਰਦ ਦੀ ਸ਼ਿਕਾਇਤ ਬਜ਼ੁਰਗਾਂ ’ਚ ਜ਼ਿਆਦਾ ਸਾਹਮਣੇ ਆਉਂਦੀ ਹੈ। ਅਧਿਐਨ ਤੋਂ ਇਹ ਵੀ ਪਤਾ ਲੱਗਾ ਹੈ ਕਿ ਪੁਰਸ਼ਾਂ ਦੇ ਮੁਕਾਬਲੇ ਔਰਤਾਂ ’ਚ ਕਮਰ ਦਰਦ ਦੇ ਮਾਮਲੇ ਜ਼ਿਆਦਾ ਦਰਜ ਕੀਤੇ ਜਾਂਦੇ ਹਨ।

Leave a Reply

error: Content is protected !!