ਭਾਰਤੀ ਮੂਲ ਨੇ ਵ੍ਹਾਈਟ ਹਾਊਸ ਦੇ ਬੈਰੀਅਰ ’ਚ ਜਾਣਬੁੱਝ ਕੇ ਮਾਰਿਆ ਟਰੱਕ
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਦਫ਼ਤਰ ਦੇ ਬੈਰੀਅਰ ਨੂੰ ਟਰੱਕ ਨਾਲ ਟੱਕਰ ਮਾਰਨ ਵਾਲੇ 19 ਸਾਲਾ ਭਾਰਤੀ ਮੂਲ ਦੇ ਨੌਜਵਾਨ ਨੇ ਅਧਿਕਾਰੀਆਂ ਨੂੰ ਦਸਿਆ ਹੈ ਕਿ ਉਹ ‘ਸੱਤਾ ਹਾਸਲ ਕਰਨ’ ਅਤੇ ‘ਰਾਸ਼ਟਰਪਤੀ ਜੋਅ ਬਾਈਡਨ ਦੀ ਹਤਿਆ ਕਰਨ ਲਈ’ ਵ੍ਹਾਈਟ ਹਾਊਸ ਵਿਚ ਦਾਖ਼ਲ ਹੋਣਾ ਚਾਹੁੰਦਾ ਸੀ । ਮੀਡੀਆ ਰਿਪੋਰਟ ‘ਚ ਇਹ ਜਾਣਕਾਰੀ ਦਿਤੀ ਗਈ ਹੈ।
ਵਾਸ਼ਿੰਗਟਨ ਟਾਈਮਜ਼ ਦੀ ਇਕ ਰੀਪੋਰਟ ਅਨੁਸਾਰ, ਯੂਐਸ ਪਾਰਕ ਪੁਲਿਸ ਨੇ ਸਾਈ ਵਸ਼ਿਸ਼ਟ ਕੰਦੂਲਾ ਨੂੰ ਉਸ ਸਮੇਂ ਗ੍ਰਿਫ਼ਤਾਰ ਕੀਤਾ ਜਦ ਉਸ ਦੇ ਟਰੱਕ ਨੇ ਲਾਫਾਯੇਟ ਪਾਰਕ ਦੇ ਉਤਰੀ ਪਾਸੇ ਬੈਰੀਅਰ ਨੂੰ ਤੋੜ ਦਿਤਾ। ਘਟਨਾ ਸੋਮਵਾਰ ਰਾਤ ਕਰੀਬ 10 ਵਜੇ ਵਾਪਰੀ। ਘਟਨਾ ਵਾਲੀ ਥਾਂ ਅਤੇ ਵ੍ਹਾਈਟ ਹਾਊਸ ਦੇ ਗੇਟਾਂ ਵਿਚਕਾਰ ਕਾਫ਼ੀ ਦੂਰੀ ਹੈ ਪਰ ਘਟਨਾ ਤੋਂ ਬਾਅਦ ਸੜਕ ਅਤੇ ਫੁੱਟਪਾਥ ਨੂੰ ਬੰਦ ਕਰ ਦਿਤਾ ਗਿਆ ਸੀ। ਇਸ ਦੇ ਨਾਲ ਹੀ ਨੇੜਲੇ ਹੇ ਐਡਮਜ਼ ਹੋਟਲ ਨੂੰ ਵੀ ਖ਼ਾਲੀ ਕਰਵਾ ਲਿਆ ਗਿਆ। ਟਰੱਕ ਦੀ ਟੱਕਰ ‘ਚ ਕੋਈ ਜ਼ਖਮੀ ਨਹੀਂ ਹੋਇਆ ਸੀ।
ਇਕ ਸੀਕਰੇਟ ਸਰਵਿਸ ਏਜੰਟ ਨੇ ਵਾਸ਼ਿੰਗਟਨ ਡੀਸੀ ਵਿਚ ਸੰਘੀ ਜ਼ਿਲ੍ਹਾ ਅਦਾਲਤ ਵਿਚ ਗਵਾਹੀ ਦਿਤੀ ਕਿ ਚੈਸਟਰਫ਼ੀਲਡ, ਮਿਸੌਰੀ ਦੇ ਵਸਨੀਕ ਕੰਦੂਲਾ ਨੇ ਸੇਂਟ ਲੁਈਸ ਤੋਂ ਡਲਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਟਰੱਕ ਕਿਰਾਏ ‘ਤੇ ਲਿਆ ਸੀ। ਅਦਾਲਤੀ ਦਸਤਾਵੇਜ਼ਾਂ ਵਿਚ ਕਿਹਾ ਗਿਆ ਹੈ ਕਿ ਕੰਦੂਲਾ ਨੇ ਅਧਿਕਾਰੀਆਂ ਨੂੰ ਦਸਿਆ ਕਿ ਉਹ ਛੇ ਮਹੀਨਿਆਂ ਤੋਂ ਹਮਲੇ ਦੀ ਯੋਜਨਾ ਬਣਾ ਰਿਹਾ ਸੀ।