ਟਾਪ ਨਿਊਜ਼ਦੇਸ਼-ਵਿਦੇਸ਼

ਬ੍ਰਿਟਿਸ਼ ਏਅਰਵੇਜ਼ ਨੇ ਦਰਜਨਾਂ ਉਡਾਣਾਂ ਕੀਤੀਆਂ ਰੱਦ, 16 ਹਜ਼ਾਰ ਯਾਤਰੀ ਪ੍ਰਭਾਵਿਤ

ਲੰਡਨ – ਬ੍ਰਿਟਿਸ਼ ਏਅਰਵੇਜ਼ ਨੇ ਤਕਨੀਕੀ ਖ਼ਰਾਬੀ ਦਾ ਹਵਾਲਾ ਦਿੰਦੇ ਹੋਏ ਸ਼ੁੱਕਰਵਾਰ ਨੂੰ ਲਗਾਤਾਰ ਦੂਜੇ ਦਿਨ ਦਰਜਨਾਂ ਉਡਾਣਾਂ ਰੱਦ ਕਰ ਦਿੱਤੀਆਂ। ਵੀਕਐਂਡ ‘ਤੇ ਜਾਣ ਵਾਲੇ ਹਜ਼ਾਰਾਂ ਯਾਤਰੀਆਂ ਨੂੰ ਆਪਣੀਆਂ ਯੋਜਨਾਵਾਂ ਰੱਦ ਕਰਨੀਆਂ ਪਈਆਂ। ਇਸ ਤੋਂ ਪਹਿਲਾਂ ਵੀਰਵਾਰ ਨੂੰ ਏਅਰਲਾਈਨ ਨੂੰ ਲੰਡਨ ਦੇ ਹੀਥਰੋ ਹਵਾਈ ਅੱਡੇ ‘ਤੇ 80 ਉਡਾਣਾਂ ਵਿਚ ਦੇਰੀ ਜਾਂ ਰੱਦ ਕਰਨ ਲਈ ਮਜਬੂਰ ਹੋਣਾ ਪਿਆ।

ਪ੍ਰਭਾਵਿਤ 42 ਉਡਾਣਾਂ ਵਿਚੋਂ ਜ਼ਿਆਦਾਤਰ ਹੀਥਰੋ, ਯੂਰਪ ਦੇ ਸਭ ਤੋਂ ਵਿਅਸਤ ਹਵਾਈ ਅੱਡੇ ਤੋਂ ਜਾਣ ਵਾਲੇ ਛੋਟੇ ਰੂਟਾਂ ਦੀਆਂ ਉਡਾਣਾਂ ਸਨ। ਹੀਥਰੋ ਯੂਕੇ ਦੇ ਸਭ ਤੋਂ ਵਿਅਸਤ ਹਵਾਈ ਅੱਡਿਆਂ ਵਿਚੋਂ ਇੱਕ ਹੈ। ਏਅਰਲਾਈਨ ਦਾ ਕਹਿਣਾ ਹੈ ਕਿ ਤਕਨੀਕੀ ਖ਼ਰਾਬੀ ਕਾਰਨ ਇਹ ਕਦਮ ਚੁੱਕਣਾ ਪਿਆ।

ਏਅਰਲਾਈਨ ਨੇ ਆਪਣੀ ਵੈੱਬਸਾਈਟ ‘ਤੇ ਕਿਹਾ, ”ਅਸੀਂ ਤਕਨੀਕੀ ਸਮੱਸਿਆ ਤੋਂ ਜਾਣੂ ਹਾਂ, ਜਿਸ ਨੂੰ ਠੀਕ ਕਰਨ ਲਈ ਅਸੀਂ ਸਖ਼ਤ ਮਿਹਨਤ ਕਰ ਰਹੇ ਹਾਂ। ਰਿਪੋਰਟਾਂ ਮੁਤਾਬਕ ਫਲਾਈਟ ਰੱਦ ਹੋਣ ਕਾਰਨ 16,000 ਤੋਂ ਵੱਧ ਯਾਤਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ ਹੈ। ਬ੍ਰਿਟਿਸ਼ ਏਅਰਵੇਜ਼ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਵਿਚ ਕਿਹਾ, “ਅਸੀਂ ਹੀਥਰੋ ਤੋਂ ਆਪਣੀਆਂ ਕੁਝ ਛੋਟੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ, ਜਦੋਂ ਕਿ ਸਾਡੀਆਂ ਜ਼ਿਆਦਾਤਰ ਉਡਾਣਾਂ ਅੱਜ ਵੀ ਜਾਰੀ ਹਨ।”

ਇਸ ਖ਼ਬਰ ਬਾਰੇ ਕੁਮੈਂਟ ਕਰੋ-