ਪੰਜਾਬਫੀਚਰਜ਼

PSEB ਦੇ 10ਵੀਂ ਜਮਾਤ ’ਚੋਂ 2265 ਵਿਦਿਆਰਥੀ ਪੰਜਾਬੀ ਵਿਸ਼ੇ ’ਚ ਫੇਲ੍ਹ, ਸਭ ਤੋਂ ਘੱਟ ਰਿਹਾ ਪੰਜਾਬੀ ਦਾ ਨਤੀਜਾ

ਚੰਡੀਗੜ੍ਹ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਸ਼ੁੱਕਰਵਾਰ ਨੂੰ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ ’ਚ 2265 ਵਿਦਿਆਰਥੀ ਪੰਜਾਬੀ ਵਿਸ਼ੇ ’ਚ ਫੇਲ੍ਹ ਹੋਏ ਹਨ। ਇਸ ਤੋਂ ਪਹਿਲਾਂ ਇਸੇ ਅਕਾਦਮਿਕ ਵਰ੍ਹੇ ਦੀ 12ਵੀਂ ਜਮਾਤ ’ਚੋਂ ਵੀ 1755 ਤੇ ਅੱਠਵੀਂ ਜਮਾਤ ’ਚ 663 ਵਿਦਿਆਰਥੀ ਫੇਲ੍ਹ ਹੋਣ ਬਾਰੇ ਵੱਡੀ ਪੜਚੋਲ ਹੋ ਰਹੀ ਸੀ। ਹੁਣ ਦਸਵੀਂ ਜਮਾਤ ’ਚ ਮਾਤ ਭਾਸ਼ਾ ’ਚ ਹਜ਼ਾਰਾਂ ਵਿਦਿਆਰਥੀਆਂ ਦਾ ਫੇਲ੍ਹ ਹੋ ਜਾਣਾ ਵੱਡੀ ਨਿਰਾਸ਼ਾ ਪੈਦਾ ਕਰਦਾ ਹੈ।

ਪੰਜਾਬੀ ਵਿਸ਼ਾ ਸਾਰੇ ਲਾਜ਼ਮੀ ਵਿਸ਼ਿਆਂ ’ਚੋਂ ਇਕਲੌਤਾ ਵਿਸ਼ਾ ਹੈ ਜਿਸ ਦਾ ਨਤੀਜਾ ਸਭ ਤੋਂ ਘੱਟ ਰਿਹਾ। ਸਾਹਮਣੇ ਆਇਆ ਹੈ ਕਿ ਅੰਗਰੇਜ਼ੀ ਵਿਸ਼ੇ ਦਾ ਨਤੀਜਾ ਵੀ ਪੰਜਾਬੀ ਨਾਲੋਂ 3 ਜਦੋਂ ਕਿ ਹਿੰਦੀ ‘ਚ 43 ਫ਼ੀਸਦੀ ਵੱਧ ਹੈ। ਅਕਾਦਮਿਕ ਵਰ੍ਹੇ 2022-23 ਵਿਚ 2 ਲੱਖ 81 ਹਜ਼ਾਰ 267 ਵਿਦਿਆਰਥੀਆਂ ਨੇ ਪੰਜਾਬੀ ਵਿਸ਼ੇ ਦਾ ਪੇਪਰ ਦਿੱਤਾ ਜਿਨ੍ਹਾਂ ਵਿਚੋਂ 2 ਲੱਖ 79 ਹਜ਼ਾਰ 2 ਪਾਸ ਹੋਏ। ਇਸ ਵਿਸ਼ੇ ਦਾ ਨਤੀਜਾ 99.19 ਫ਼ੀਸਦੀ ਰਿਹਾ ਜੋ ਕਿ ਬਾਕੀ ਲਾਜ਼ਮੀ ਸਾਰੇ ਵਿਸ਼ਿਆਂ ਨਾਲੋਂ ਘੱਟ ਹੈ।

ਇਸੇ ਤਰ੍ਹਾਂ ਹੀ ਹਿੰਦੀ ਤੇ ਅੰਗਰੇਜ਼ੀ ਤੋਂ ਇਲਾਵਾ ਸਾਇੰਸ, ਗਣਿਤ, ਸਮਾਜਿਕ ਵਿਗਿਆਨ, ਸੰਸਕ੍ਰਿਤ, ਉਰਦੂ ਇਲੈਕਟਿਵ, ਕੰਪਿਊਟਰ ਸਾਇੰਸ ਵਿਸ਼ਿਆਂ ਦਾ ਨਤੀਜਾ ਪੰਜਾਬੀ ਵਿਸ਼ੇ ਤੋਂ ਵੱਧ ਹੈ। ਪੰਜਾਬੀ ਭਾਸ਼ਾ ’ਚ ਮੰਦੜੇ ਹਾਲ ਨੂੰ ਲੈ ਕੇ ਜਿੱਥੇ ਭਾਸ਼ਾ ਮਾਹਰ ਚਿੰਤਾ ’ਚ ਹਨ ਉਥੇ ਹੀ ਸਕੂਲਾਂ ’ਚ ਪੰਜਾਬੀ ਪੜ੍ਹਾਉਣ ਨੂੰ ਲੈ ਕੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ। ਸਾਲ 2022 ਲਈ ਹੋਈਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ’ਚ ਕੁੱਲ 93 ਵਿਸ਼ਿਆਂ ਦੀ ਪ੍ਰੀਖਿਆ ਲਈ ਗਈ ਸੀ ਜਿਨ੍ਹਾਂ ਵਿਚੋਂ ਸੰਗੀਤ ਗਾਇਨ, ਵਾਦਨ ਤੇ ਕੰਪਿਊਟਰ ਸਾਇੰਸ ਦਾ ਨਤੀਜਾ 100 ਫ਼ੀਸਦੀ ਰਿਹਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-