ਦੇਸ਼-ਵਿਦੇਸ਼

ਉੱਤਰੀ ਕੋਰੀਆ ‘ਚ 2 ਸਾਲ ਦੇ ਬੱਚੇ ਨੂੰ ਉਮਰ ਕੈਦ, ਪਰਿਵਾਰ ਨੂੰ ਬਾਈਬਲ ਰੱਖਣ ਦੀ ਦਿੱਤੀ ਗਈ ਸਜ਼ਾ

ਕੋਰੀਆ: ਉੱਤਰੀ ਕੋਰੀਆ ਵਿਚ ਇੱਕ ਈਸਾਈ ਪਰਿਵਾਰ ਨੂੰ ਸਿਰਫ਼ ਆਪਣੇ ਧਰਮ ਦਾ ਪਾਲਣ ਕਰਨ ਅਤੇ ਬਾਈਬਲ ਰੱਖਣ ਕਾਰਨ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਸਜ਼ਾ ਵਿਚ ਪਰਿਵਾਰ ਦਾ 2 ਸਾਲ ਦਾ ਬੱਚਾ ਵੀ ਸ਼ਾਮਲ ਹੈ। ਅਮਰੀਕੀ ਵਿਦੇਸ਼ ਵਿਭਾਗ ਵੱਲੋਂ ਧਾਰਮਿਕ ਆਜ਼ਾਦੀ ਨੂੰ ਲੈ ਕੇ ਜਾਰੀ ਕੀਤੀ ਗਈ ਰਿਪੋਰਟ ‘ਚ ਇਹ ਖੁਲਾਸਾ ਹੋਇਆ ਹੈ। ਮਾਮਲਾ 2009 ਦਾ ਦੱਸਿਆ ਜਾ ਰਿਹਾ ਹੈ।

ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਉੱਤਰੀ ਕੋਰੀਆ ਵਿਚ ਬਾਈਬਲ ਰੱਖਣ ਦੇ ਦੋਸ਼ ਵਿਚ ਲੋਕਾਂ ਨੂੰ ਉਮਰ ਕੈਦ ਤੋਂ ਲੈ ਕੇ ਮੌਤ ਤੱਕ ਦੀ ਸਜ਼ਾ ਦਿੱਤੀ ਜਾ ਰਹੀ ਹੈ। 2022 ਵਿਚ ਉੱਤਰੀ ਕੋਰੀਆ ਨੇ 70 ਹਜ਼ਾਰ ਤੋਂ ਵੱਧ ਈਸਾਈਆਂ ਨੂੰ ਜੇਲ੍ਹ ਵਿਚ ਬੰਦ ਕਰ ਦਿੱਤਾ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਆਪਣੀ ਰਿਪੋਰਟ ਇੱਕ ਗੈਰ ਸਰਕਾਰੀ ਸੰਗਠਨ ‘ਕੋਰੀਆ ਫਿਊਚਰ’ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਤਿਆਰ ਕੀਤੀ ਹੈ। ਗੈਰ ਸਰਕਾਰੀ ਸੰਗਠਨਾਂ ਨੇ ਦਾਅਵਾ ਕੀਤਾ ਹੈ ਕਿ ਉੱਤਰੀ ਕੋਰੀਆ ਵਿਚ ਈਸਾਈਆਂ ਨੂੰ ਧਰਮ ਦਾ ਪਾਲਣ ਕਰਨ ਲਈ ਤਸੀਹੇ ਦਿੱਤੇ ਜਾਂਦੇ ਹਨ। ਉਨ੍ਹਾਂ ਨੂੰ ਮਜ਼ਦੂਰੀ ਲਈ ਮਜਬੂਰ ਕੀਤਾ ਜਾਂਦਾ ਹੈ ਅਤੇ ਔਰਤਾਂ ਦਾ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ।

ਇਹ ਗੱਲਾਂ 2021 ਵਿਚ 151 ਔਰਤਾਂ ਨਾਲ ਕੀਤੀ ਇੰਟਰਵਿਊ ਵਿਚ ਸਾਹਮਣੇ ਆਈਆਂ ਹਨ। ਇਸ ਦੇ ਨਾਲ ਹੀ ਉੱਤਰੀ ਕੋਰੀਆ ਛੱਡਣ ਵਾਲੇ ਲੋਕਾਂ ਨੇ ਐਨਜੀਓ ਨੂੰ ਦੱਸਿਆ ਹੈ ਕਿ ਈਸਾਈਆਂ ਨੂੰ ਲੈ ਕੇ ਮਾੜਾ ਪ੍ਰਚਾਰ ਹੋ ਰਿਹਾ ਹੈ। ਮਿਸ਼ਨਰੀਆਂ ਨੂੰ ਖੂਨ ਪੀਣ ਵਾਲੇ, ਕਾਤਲ ਅਤੇ ਬਲਾਤਕਾਰੀ ਕਿਹਾ ਜਾਂਦਾ ਹੈ। ਇੱਕ ਕਮਿਊਨਿਸਟ ਦੇਸ਼ ਹੋਣ ਦੇ ਨਾਤੇ, ਉੱਤਰੀ ਕੋਰੀਆ ਇੱਕ ਨਾਸਤਿਕ ਦੇਸ਼ ਹੈ। ਜੋ ਕਿਸੇ ਧਰਮ ਨੂੰ ਨਹੀਂ ਮੰਨਦਾ। ਹਾਲਾਂਕਿ ਇਹ ਦਾਅਵਾ ਕੀਤਾ ਜਾਂਦਾ ਹੈ ਕਿ ਉੱਥੇ ਸਾਰੇ ਲੋਕਾਂ ਨੂੰ ਆਪਣੇ ਧਰਮ ਦਾ ਪਾਲਣ ਕਰਨ ਦੀ ਆਜ਼ਾਦੀ ਹੈ। ਇੱਥੇ 50% ਲੋਕ ਨਾਸਤਿਕ ਹਨ। 25% ਲੋਕ ਬੋਧੀ ਹਨ ਅਤੇ ਬਾਕੀ 25% ਈਸਾਈ ਅਤੇ ਹੋਰ ਧਰਮਾਂ ਦੇ ਹਨ।

ਇਸ ਖ਼ਬਰ ਬਾਰੇ ਕੁਮੈਂਟ ਕਰੋ-