ਖੰਨਾ ‘ਚ ਮਾਂ-ਪੁੱਤ ‘ਤੇ ਰਾਡਾਂ-ਤਲਵਾਰਾਂ ਨਾਲ ਹਮਲਾ
ਬੀਜਾ : ਖੰਨਾ ਵਿਖੇ ਕੌਮੀ ਮਾਰਗ ‘ਤੇ ਰੋਡਰੇਜ ਦਾ ਮਾਮਲਾ ਸਾਹਮਣੇ ਆਇਆ। ਮੋਟਰਸਾਈਕਲ ਸਵਾਰ ਨੌਜਵਾਨਾਂ ਨੇ ਗੁੱਸੇ ’ਚ ਆ ਕੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ। ਕਾਰ ਸਵਾਰ ਨੌਜਵਾਨ ਤੇ ਉਸਦੀ ਮਾਂ ਉਪਰ ਤਲਵਾਰਾਂ ‘ਤੇ ਲੋਹੇ ਦੀਆਂ ਰਾਡਾਂ ਨਾਲ ਹਮਲਾ ਕੀਤਾ ਗਿਆ। ਸਕੋਡਾ ਕਾਰ ਭੰਨ ਦਿੱਤੀ ਗਈ। ਗੁੰਡਾਗਰਦੀ ਦੀ ਵੀਡੀਓ ਵੀ ਸਾਹਮਣੇ ਆਈ ਹੈ। ਉੱਥੇ ਹੀ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਸਾਹਨੇਵਾਲ ਦੇ ਪਿੰਡ ਬਿਲਗਾ ਦੇ ਰਹਿਣ ਵਾਲੇ ਅਰਮਾਨਜੋਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਮਾਤਾ ਦੇ ਨਾਲ ਲਲਹੇੜੀ ਤੋਂ ਬਿਲਗਾ ਪਿੰਡ ਵਾਪਸ ਜਾ ਰਿਹਾ ਸੀ ਤਾਂ ਲਲਹੇੜੀ ਚੌਂਕ ਵਿਖੇ ਉਨ੍ਹਾਂ ਦੀ ਕਾਰ ਅੱਗੇ 2 ਮੋਟਰਸਾਈਕਲ ਸਵਾਰਾਂ ਨੇ ਮੋਟਰਸਾਈਕਲ ਸੁੱਟ ਦਿੱਤਾ ਅਤੇ ਪੈਸੇ ਮੰਗਣ ਲੱਗੇ। ਜਦੋਂ ਉਸਨੇ ਕਿਹਾ ਕਿ ਮੋਟਰਸਾਈਕਲ ਬਿਲਕੁਲ ਠੀਕ ਹੈ। ਉਹ ਪੈਸੇ ਕਿਉਂ ਦੇਵੇ ਤਾਂ ਉਨ੍ਹਾਂ ਨੇ ਆਪਣੇ ਸਾਥੀਆਂ ਸਮੇਤ ਉਸ ਉਪਰ ਲੋਹੇ ਦੀਆਂ ਰਾਡਾਂ, ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਉਨ੍ਹਾਂ ਦੀ ਗੱਡੀ ਭੰਨ ਦਿੱਤੀ ਅਤੇ ਬਜ਼ਾਰ ’ਚ ਭੱਜ ਗਏ।
ਘਟਨਾ ਦੀ ਸੂਚਨਾ ਮਿਲਣ ਮਗਰੋਂ ਸਿਟੀ ਥਾਣਾ 2 ਦੇ ਮੁਖੀ ਵਿਨੋਦ ਕੁਮਾਰ ਮੌਕੇ ’ਤੇ ਪੁੱਜੇ। ਉਨ੍ਹਾਂ ਕਿਹਾ ਕਿ ਇਹ ਮਾਮਲਾ ਰੋਡਰੇਜ ਦਾ ਲੱਗਦਾ ਹੈ। ਹਮਲਾਵਰਾਂ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇਗਾ ਅਤੇ ਉਹਨਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।