ਯੂਗਾਂਡਾ ‘ਚ ਸਮਲਿੰਗੀ ਸਬੰਧ ਰੱਖਣ ਲਈ ਮੌਤ ਦੀ ਸਜ਼ਾ, LGBTQ ਦੇ ਵਿਰੁੱਧ ਦੁਨੀਆ ਦਾ ਸਭ ਤੋਂ ਸਖ਼ਤ ਕਾਨੂੰਨ ਹੋਇਆ ਪਾਸ
ਯੂਗਾਂਡਾ – ਯੂਗਾਂਡਾ ਦੇ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਨੇ ਸੋਮਵਾਰ ਨੂੰ ਸਮਲਿੰਗੀਆਂ ਦੇ ਖਿਲਾਫ਼ ਦੁਨੀਆ ਦਾ ਸਭ ਤੋਂ ਸਖ਼ਤ ਕਾਨੂੰਨ ਪਾਸ ਕੀਤਾ ਹੈ। ਇਸ ਕਾਰਨ ਉਥੇ ਸਮਲਿੰਗੀ ਸਬੰਧ ਰੱਖਣ ‘ਤੇ ਹੁਣ ਉਮਰ ਕੈਦ ਤੋਂ ਲੈ ਕੇ ਮੌਤ ਤੱਕ ਦੀ ਸਜ਼ਾ ਹੋ ਸਕਦੀ ਹੈ। ਯੂਗਾਂਡਾ ਵਿਚ ਪਹਿਲਾਂ ਵੀ ਸਮਲਿੰਗੀ ਸਬੰਧਾਂ ‘ਤੇ ਪਾਬੰਦੀ ਲਗਾਈ ਗਈ ਸੀ, ਪਰ ਅਜਿਹੀ ਸਖ਼ਤ ਸਜ਼ਾ ਦਾ ਕੋਈ ਪ੍ਰਬੰਧ ਨਹੀਂ ਸੀ।
ਸੰਸਦ ਮੈਂਬਰਾਂ ਨੇ ਕਾਨੂੰਨ ਪਾਸ ਕਰਦੇ ਹੋਏ ਸਮਲਿੰਗੀ ਸਬੰਧਾਂ ਨੂੰ ਸਮਾਜ ਦੀਆਂ ਕਦਰਾਂ-ਕੀਮਤਾਂ ਦੇ ਵਿਰੁੱਧ ਕਰਾਰ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਾਨੂੰਨ ਦੀ ਸਹੀ ਢੰਗ ਨਾਲ ਪਾਲਣਾ ਯਕੀਨੀ ਬਣਾਉਣ ਦੀ ਸਹੁੰ ਵੀ ਚੁੱਕੀ। ਕਾਨੂੰਨ ਦੇ ਪਾਸ ਹੁੰਦੇ ਹੀ ਪੂਰੀ ਦੁਨੀਆ ‘ਚ ਇਸ ਦੀ ਆਲੋਚਨਾ ਸ਼ੁਰੂ ਹੋ ਗਈ ਹੈ। ਅਮਰੀਕੀ ਰਾਸ਼ਟਰਪਤੀ ਜੋ ਬਿਡੇਨ ਨੇ ਯੂਗਾਂਡਾ ਦੇ ਕਈ ਅਧਿਕਾਰੀਆਂ ‘ਤੇ ਪਾਬੰਦੀਆਂ ਲਗਾਉਣ ਅਤੇ ਉਥੇ ਅਮਰੀਕੀ ਨਿਵੇਸ਼ ਨੂੰ ਘਟਾਉਣ ਦੀ ਧਮਕੀ ਵੀ ਦਿੱਤੀ ਹੈ।
ਇਸ ਦਾ ਮਤਲਬ ਹੈ ਕਿ ਦੁਹਰਾਉਣ ਵਾਲੇ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦਿੱਤੀ ਜਾ ਸਕਦੀ ਹੈ। ਹਾਲਾਂਕਿ, ਯੂਗਾਂਡਾ ਨੇ ਕਈ ਸਾਲਾਂ ਤੋਂ ਮੌਤ ਦੀ ਸਜ਼ਾ ਨਹੀਂ ਦਿੱਤੀ ਹੈ। ਇਸ ਤੋਂ ਪਹਿਲਾਂ ਮਾਰਚ ‘ਚ ਜਦੋਂ ਇਸ ਬਿੱਲ ਨੂੰ ਪਾਸ ਕਰਵਾਉਣ ਲਈ ਰਾਸ਼ਟਰਪਤੀ ਕੋਲ ਭੇਜਿਆ ਗਿਆ ਸੀ ਤਾਂ ਕਿਸੇ ਨੂੰ ਸਮਲਿੰਗੀ ਹੋਣ ‘ਤੇ ਵੀ ਸਜ਼ਾ ਦੇਣ ਦੀ ਗੱਲ ਚੱਲੀ ਸੀ, ਜਿਸ ਨੂੰ ਰਾਸ਼ਟਰਪਤੀ ਦੇ ਇਤਰਾਜ਼ ਤੋਂ ਬਾਅਦ ਹਟਾ ਦਿੱਤਾ ਗਿਆ ਸੀ। ਯੂਗਾਂਡਾ ਅਫ਼ਰੀਕਾ ਦਾ ਇਕੱਲਾ ਅਜਿਹਾ ਦੇਸ਼ ਨਹੀਂ ਹੈ ਜਿੱਥੇ ਸਮਲਿੰਗੀ ਸਬੰਧਾਂ ‘ਤੇ ਪਾਬੰਦੀਆਂ ਹਨ। 30 ਤੋਂ ਵੱਧ ਦੇਸ਼ਾਂ ਵਿਚ ਸਮਲਿੰਗੀ ਸਬੰਧ ਬਣਾਉਣ ‘ਤੇ ਪਾਬੰਦੀਆਂ ਹਨ।