ਗਰਮੀ ਦੀ ਲਹਿਰ ਦੌਰਾਨ ਚੌਕਸ ਰਹਿਣ ਦੀ ਲੋੜ
ਡਾ. ਪ੍ਰਭਦੀਪ ਸਿੰਘ ਚਾਵਲਾ
ਅੱਜ ਕੱਲ੍ਹ ਤਾਪਮਾਨ ਕਾਫੀ ਚੜ੍ਹ ਗਿਆ ਹੈ, ਖਾਸ ਕਰ ਕੇ ਉੱਤਰੀ ਭਾਰਤ ਵਿਚ ਲੂ ਘਾਤਕ ਸਿੱਧ ਹੋ ਰਹੀ ਹੈ। ਲੂ ਲੱਗਣਾ ਗਰਮੀ ਦੇ ਮੌਸਮ ਦਾ ਰੋਗ ਅਤੇ ਵੱਡੀ ਸਮੱਸਿਆ ਹੈ। ਸੂਰਜ ਦੀ ਤਪਸ਼ ਅੱਗ ਵਰ੍ਹਾਉਂਦੀ ਪਈ ਹੈ ਤੇ ਛੋਟੇ ਬੱਚੇ-ਬਜ਼ੁਰਗ, ਕਮਜ਼ੋਰ ਜਾਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਅਤੇ ਦਿਲ ਦੇ ਰੋਗ ਤੋਂ ਪੀੜਤ ਵਿਅਕਤੀ ਲੂ ਦੀ ਲਪੇਟ ਵਿਚ ਛੇਤੀ ਆ ਜਾਂਦੇ ਹਨ। ਸੜਕਾਂ ਤੇ ਰੇੜ੍ਹੀ, ਰਿਕਸ਼ਾ ਚਾਲਕ, ਦਿਹਾੜੀਦਾਰ-ਮਜ਼ਦੂਰ, ਕਾਮੇ, ਯਾਤਰੀ ਅਤੇ ਭਿਖਾਰੀ ਆਦਿ ਵੀ ਸੂਰਜ ਦੀਆਂ ਗਰਮ ਹਵਾਵਾਂ ਦੇ ਚੱਲਦਿਆਂ ਲੂ ਦਾ ਸ਼ਿਕਾਰ ਹੋਣ ਕਾਰਨ ਬੇਹੋਸ਼ ਹੋ ਕਿ ਡਿੱਗ ਪੈਂਦੇ ਹਨ। ਸੂਰਜ ਦੀ ਗਰਮੀ ਸਾਡੀ ਊਰਜਾ ਨੂੰ ਪੂਰੀ ਤਰ੍ਹਾਂ ਖਤਮ ਕਰ ਸਕਦੀ ਹੈ। ਪਸੀਨੇ ਰਾਹੀਂ ਸਰੀਰ ਵਿੱਚੋਂ ਕਾਫੀ ਪਾਣੀ ਬਾਹਰ ਨਿਕਲਦਾ ਹੈ। ਪਾਣੀ ਦੀ ਕਮੀ ਪੂਰਾ ਕਰਨ ਲਈ, ਜੇ ਪਾਣੀ ਅਤੇ ਪੀਣ ਵਾਲੇ ਤਰਲ ਮੌਕੇ ’ਤੇ ਨਾ ਮਿਲਦੇ ਹੋਣ ਜਾਂ ਕੰਮ ਦੇ ਰੁਝੇਵੇਂ ਵਿਚ ਪਿਆਸ ਦਾ ਖਿਆਲ ਹੀ ਨਾ ਕੀਤਾ ਜਾਵੇ ਤਾਂ ਪਾਣੀ ਦੀ ਘਾਟ-ਡੀਹਾਈਡ੍ਰੇਸ਼ਨ ਹੋ ਜਾਂਦੀ ਹੈ ਤੇ ਬੰਦੇ ਨੂੰ ਲੂ ਲੱਗਣ ਦਾ ਖਦਸ਼ਾ ਵਧ ਜਾਂਦਾ ਹੈ। ਇਸ ਨਾਲ ਮੌਤ ਵੀ ਹੋ ਸਕਦੀ ਹੈ। ਜਦ ਪਸੀਨਾ ਆਉਣਾ ਬੰਦ ਹੋ ਜਾਵੇ ਤੇ ਸਰੀਰ ਦਾ ਤਾਪਮਾਨ 104 ਡਿਗਰੀ ਫਾਰਨਹੀਟ ਤੋਂ ਉਪਰ ਹੋ ਜਾਵੇ ਤਾਂ ਸਮਝੋ ਕਿ ਬੰਦੇ ਨੂੰ ਲੂ ਲੱਗ ਗਈ ਹੈ। ਗਰਮੀਆਂ ਵਿਚ ਮਲੇਰੀਆ, ਟਾਇਫਾਇਡ ਜਾਂ ਕਿਸੇ ਹੋਰ ਰੋਗ ਕਾਰਨ ਬੁਖ਼ਾਰ ਚੜ੍ਹ ਜਾਵੇ ਤਾਂ ਪਾਣੀ ਦੀ ਘਾਟ, ਲੂ ਲੱਗਣ ਦਾ ਕਾਰਨ ਬਣ ਜਾਂਦੀ ਹੈ। ਗਰਮੀ ਦੇ ਮੌਸਮ ਵਿਚ ਤਾਪਮਾਨ 45-50 ਡਿਗਰੀ ਸੈਂਟੀਗ੍ਰੇਡ ਤੱਕ ਪਹੁੰਚ ਜਾਂਦਾ ਹੈ ਤੇ ਤੇਜ਼ ਧੁੱਪ ਕਾਰਨ ਸਨਬਰਨ, ਸਕਿਨ ਵਿਚ ਜਲਣ, ਲੂ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਕਦੇ-ਕਦੇ ਤਾਂ ਸੂਰਜ ਦੀਆਂ ਤੇਜ਼ ਕਿਰਨਾਂਂ ਚਮੜੀ ਝੁਲਸਾ ਦਿੰਦੀਆਂ ਹਨ। ਅਜਿਹੇ ਮੌਸਮ ਵਿਚ ਆਪਣਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਨਬਰਨ ਅਤੇ ਚਮੜੀ ਦੀ ਜਲਣ ਤੋਂ ਬਚਾਅ ਲਈ ਕਈ ਤਰ੍ਹਾਂ ਦੇ ਲੋਸ਼ਨ ਅਤੇ ਕਰੀਮਾਂ ਆਦਿ ਦੀ ਵਰਤੋਂ ਕੀਤੀ ਜਾ ਸਕਦੀ ਹੈ ਪਰ ਲੂ ਲੱਗਣ ਨਾਲ ਸਿਹਤ ਬਹੁਤ ਜ਼ਿਆਦਾ ਵਿਗੜ ਵੀ ਸਕਦੀ ਹੈ, ਗਰਮੀ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਆਪਣੇ ਆਪ ਨੂੰ ਬਚਾਉਣਾ ਚਾਹੀਦਾ ਹੈ। ਜੇਕਰ ਕਿਸੇ ਮੈਦਾਨੀ ਖੇਤਰ ਦਾ ਤਾਪਮਾਨ 40 ਡਿਗਰੀ ਸੈਲਸੀਅਸ ਜਾਂ ਇਸ ਤੋਂ ਵੱਧ ਤੱਕ ਪਹੁੰਚ ਜਾਂਦਾ ਹੈ ਤਾਂ ਇਸ ਸਥਿਤੀ ਨੂੰ ਗਰਮੀ ਦੀ ਲਹਿਰ ਕਿਹਾ ਜਾਂਦਾ ਹੈ। ਮਈ ਅਤੇ ਜੂਨ ਦੇ ਮਹੀਨਿਆਂ ਦੌਰਾਨ ਗਰਮੀ ਦੀਆਂ ਲਹਿਰਾਂ ਚੱਲਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ ਅਤੇ ਇਸ ਸਮੇਂ ਦੌਰਾਨ ਆਮ ਲੋਕਾਂ ਦੇ ਨਾਲ-ਨਾਲ ਖਾਸ ਕਰ ਕੇ ਉਨ੍ਹਾਂ ਲੋਕਾਂ, ਜਿਹੜੇ ਜੋਖਮ ਸ਼੍ਰੇਣੀ ਵਿੱਚ ਆਉਂਦੇ ਹਨ, ਨੂੰ ਚੌਕਸ ਰਹਿਣ ਦੀ ਲੋੜ ਹੈ।
ਵਧੇਰੇ ਜੋਖਮ ਸ਼੍ਰੇਣੀ ’ਚ ਨਵਜੰਮੇ ਅਤੇ ਛੋਟੇ ਬੱਚੇ, ਗਰਭਵਤੀ ਔਰਤਾਂ, 65 ਸਾਲ ਜਾਂ ਵੱਧ ਉਮਰ ਦੇ ਬਜ਼ੁਰਗ, ਮਜ਼ਦੂਰ-ਦਿਹਾੜੀਦਾਰ, ਮੋਟਾਪੇ ਤੋਂ ਪੀੜਤ ਵਿਅਕਤੀ, ਮਾਨਸਿਕ ਰੋਗੀ, ਜੋ ਸਰੀਰਕ ਤੌਰ ’ਤੇ ਬਿਮਾਰ ਹਨ, ਖਾਸ ਕਰ ਕੇ ਜਿਨ੍ਹਾਂ ਨੂੰ ਦਿਲ ਦੀ ਬਿਮਾਰੀ ਜਾਂ ਹਾਈ ਬਲੱਡ ਪ੍ਰੈਸ਼ਰ ਹੈ, ਆਉਂਦੇ ਹਨ। ਹਰ ਸਾਲ ਗਰਮੀ ਦੇ ਮੌਸਮ ਵਿਚ ਲੂ ਲੱਗਣ ਦੇ ਕੇਸਾਂ ਬਾਰੇ ਖ਼ਬਰਾਂ ਸੁਣੀ ਦੀਆਂ ਹਨ ਪਰ ਜੇ ਗਰਮੀ ਦੀ ਲਹਿਰ ਦੌਰਾਨ ਸਾਵਧਾਨੀਆਂ ਵਰਤੀਆਂ ਜਾਣ ਤਾਂ ਲੂ ਲੱਗਣ ਤੋਂ ਆਪਣੇ ਆਪ ਨੂੰ ਬਚਾਇਆ ਜਾ ਸਕਦਾ ਹੈ। ਲੂ ਜਾਂ ਹੀਟ ਸਟ੍ਰੋਕ ਤੋਂ ਬਚਣ ਲਈ ਕੀ ਕਰਨਾ ਅਤੇ ਕੀ ਨਹੀਂ ਕਰਨਾ ਚਾਹੀਦਾ ।