ਛਤੀਸਗੜ੍ਹ ‘ਚ ਭਿਆਨਕ ਸੜਕ ਹਾਦਸਾ, 50 ਫੁੱਟ ਡੂੰਘੀ ਖੱਡ ‘ਚ ਡਿੱਗਿਆ ਆਟੋ
ਛਤੀਸਗੜ੍ਹ : ਛਤੀਸਗੜ੍ਹ ਦੇ ਜਸ਼ਪੁਰ ਜ਼ਿਲ੍ਹੇ ਵਿਚ ਇਕ ਸੜਕ ਹਾਦਸੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ। ਦਸਿਆ ਜਾ ਰਿਹਾ ਹੈ ਕਿ ਇਥੇ ਇਕ ਆਟੋ 50 ਫੁੱਟ ਡੂੰਘੀ ਖੱਡ ਵਿਚ ਡਿੱਗ ਗਿਆ। ਜਿਸ ਕਾਰਨ 3 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ ਇਕ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਸੋਨਕਿਆਰੀ ਚੌਕੀ ਇਲਾਕੇ ਵਿਚ ਵਾਪਰੇ ਇਸ ਹਾਦਸੇ ‘ਚ ਇਕ ਬੱਚੇ ਸਮੇਤ ਦੋ ਵਿਅਕਤੀ ਜ਼ਖ਼ਮੀ ਹੋ ਗਏ ਹਨ।
ਜਾਣਕਾਰੀ ਅਨੁਸਾਰ ਬੁੱਧਵਾਰ ਦੁਪਹਿਰ 6 ਲੋਕਾਂ ਨੂੰ ਲੈ ਕੇ ਆਟੋ ਪਿੰਡ ਸੋਨਕਿਆਰੀ ਤੋਂ ਪਿੰਡ ਕਰਦਾਨਾ ਵੱਲ ਜਾ ਰਿਹਾ ਸੀ। ਇਸ ਦੌਰਾਨ ਕਾਰਦਾਨਾ ਘਾਟੀ ‘ਚ ਆਟੋ ਬੇਕਾਬੂ ਹੋ ਗਿਆ ਅਤੇ ਇਹ ਹਾਦਸਾ ਵਾਪਰ ਗਿਆ।

ਦਸਿਆ ਜਾ ਰਿਹਾ ਹੈ ਕਿ ਇਸ ਹਾਦਸੇ ‘ਚ ਜਿਸ ਵਿਅਕਤੀ ਦੀ ਮੌਤ ਹੋਈ ਹੈ ਉਹ ਖੁਦ ਆਟੋ ਚਾਲਕ ਸੀ। ਘਟਨਾ ਦੇ ਸਮੇਂ ਉਹ ਆਟੋ ਚਲਾ ਰਿਹਾ ਸੀ। ਜਦਕਿ ਮ੍ਰਿਤਕਾਂ ‘ਚ ਉਸ ਦੀ ਪਤਨੀ ਸਮੇਤ 3 ਔਰਤਾਂ ਸ਼ਾਮਲ ਹਨ।
ਮ੍ਰਿਤਕਾਂ ਦੀ ਪਛਾਣ ਆਟੋ ਚਾਲਕ ਬੁੱਧਨਾਥ ਰਾਮ ਪਤਨੀ ਫੂਲਮਤੀ ਬਾਈ, ਸੇਵੰਤੀ ਬਾਈ, ਬ੍ਰਿਹਸਪਤੀ ਬਾਈ ਵਜੋਂ ਹੋਈ ਹੈ। ਦਸਿਆ ਜਾ ਰਿਹਾ ਹੈ ਕਿ ਜ਼ਖ਼ਮੀਆਂ ਵਿਚ ਦਿਲੇਸ਼ਵਰ ਰਾਮ (8 ਸਾਲ) ਅਤੇ ਨਿਰਮਲ ਤਿੱਗਾ (57) ਸ਼ਾਮਲ ਹਨ।