ਗੁਰੂਗ੍ਰਾਮ ਪੁਲਿਸ ਵਲੋਂ ਲਾਰੈਂਸ ਗੈਂਗ ਦੇ 10 ਸ਼ਾਰਪ ਸ਼ੂਟਰ ਪੁਲਿਸ ਦੀ ਵਰਦੀ ‘ਚ ਗ੍ਰਿਫ਼ਤਾਰ
ਗੁਰੂਗ੍ਰਾਮ: ਗੁਰੂਗ੍ਰਾਮ ਪੁਲਿਸ ਦੇ ਹੱਥ ਵੱਡੀ ਸਫਲਤਾ ਲੱਗੀ ਹੈ। ਇਥੇ ਪੁਲਿਸ ਨੇ ਭੋਂਡਸੀ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਮਹਿੰਦਰਵਾੜਾ ‘ਚ ਪੁਲਿਸ ਦੀ ਵਰਦੀ ‘ਚ ਡਕੈਤੀ ਦੀ ਸਾਜ਼ਿਸ਼ ਰਚਣ ਦੇ ਦੋਸ਼ ‘ਚ 10 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ ਦੋ ਮੁਲਜ਼ਮ ਪੰਜਾਬ, ਇਕ ਰਾਜਸਥਾਨ, ਇਕ ਭਿਵਾਨੀ ਅਤੇ ਇਕ ਹਿਸਾਰ ਤੋਂ ਹੈ।
ਜਾਣਕਾਰੀ ਮੁਤਾਬਕ ਇਹ ਸਾਰੇ ਮੁਲਜ਼ਮ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਗੈਂਗ ਦੇ ਸ਼ਾਰਪ ਸ਼ੂਟਰ ਹਨ। ਕੁੱਲ 10 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਵਿਚ ਸੱਤ ਲਾਰੈਂਸ ਬਿਸ਼ਨੋਈ ਅਤੇ ਤਿੰਨ ਗੋਲਡੀ ਬਰਾੜ ਗੈਂਗ ਦੇ ਹਨ। ਭੌਂਡਸੀ ਪੁਲਿਸ ਨੇ ਸਾਰਿਆਂ ਕੋਲੋਂ ਨਾਜਾਇਜ਼ ਅਸਲਾ ਬਰਾਮਦ ਕੀਤਾ ਹੈ।
ਮੁਲਜ਼ਮਾਂ ਕੋਲੋਂ 4 ਪਿਸਤੌਲ, 28 ਜ਼ਿੰਦਾ ਕਾਰਤੂਸ, 02 ਗੱਡੀਆਂ, 7 ਪੁਲਿਸ ਵਰਦੀਆਂ ਬਰਾਮਦ ਕੀਤੀਆਂ ਗਈਆਂ ਹਨ। ਮੁਲਜ਼ਮਾਂ ਦੀ ਪਛਾਣ ਜੋਗਿੰਦਰ ਉਰਫ ਜੋਗਾ, ਹਰਜੋਤ ਉਰਫ ਲੀਲਾ, ਅਜੈ ਈਸ਼ਰਵਾਲੀਆ ਉਰਫ ਪੰਜਾਬੀ, ਪ੍ਰਿੰਸ ਉਰਫ ਗੋਲੂ, ਸੰਦੀਪ ਉਰਫ ਦੀਪੂ ਅਤੇ ਬਿੱਟੂ ਵਜੋਂ ਹੋਈ ਹੈ।
ਪੁਲਿਸ ਇਨ੍ਹਾਂ ਸਾਰਿਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਵੇਗੀ। ਇਨ੍ਹਾਂ ਤੋਂ ਪੁੱਛਗਿੱਛ ਕਰਨ ‘ਤੇ ਕਈ ਘਟਨਾਵਾਂ ਦਾ ਪਰਦਾਫਾਸ਼ ਹੋ ਸਕਦਾ ਹੈ। ਇਸ ਦੇ ਨਾਲ ਹੀ ਇਹ ਵੀ ਪਤਾ ਲਗਾਇਆ ਜਾਵੇਗਾ ਕਿ ਇਹ ਗਿਰੋਹ ਕਦੋਂ ਤੋਂ ਸਰਗਰਮ ਸੀ ਅਤੇ ਇਸ ਗਿਰੋਹ ਨੇ ਕਿੱਥੇ ਵਾਰਦਾਤਾਂ ਨੂੰ ਅੰਜਾਮ ਦਿਤਾ ਹੈ। ਪੁੱਛਗਿੱਛ ‘ਚ ਗਿਰੋਹ ਦੇ ਹੋਰ ਸਾਥੀਆਂ ਦੇ ਨਾਂ ਵੀ ਸਾਹਮਣੇ ਆ ਸਕਦੇ ਹਨ।