ਆਸਾਰਾਮ ਦੀ ਪਤਨੀ, ਬੇਟੀ ਸਮੇਤ ਛੇ ਜਣੇ ਬਰੀ ਕਰਨ ਦੇ ਫ਼ੈਸਲੇ ਨੂੰ ਗੁਜਰਾਤ ਸਰਕਾਰ ਦੇਵੇਗੀ ਚੁਨੌਤੀ
ਅਹਿਮਦਾਬਾਦ: ਗੁਜਰਾਤ ਸਰਕਾਰ 2013 ਦੇ ਇਕ ਬਲਾਤਕਾਰ ਮਾਮਲੇ ’ਚ ਅਖੌਤੀ ਸਾਧ ਆਸਾਰਾਮ ਦੀ ਪਤਨੀ, ਉਸ ਦੀ ਬੇਟੀ ਅਤੇ ਉਸ ਦੇ ਚਾਰ ਚੇਲਿਆਂ ਨੂੰ ਬਰੀ ਕੀਤੇ ਜਾਣ ਨੂੰ ਹਾਈ ਕੋਰਟ ’ਚ ਚੁਨੌਤੀ ਦੇਵੇਗੀ। ਇਸ ਮਾਮਲੇ ’ਚ ਆਸਾਰਾਮ ਨੂੰ ਉਮਰਕੈਦ ਦੀ ਸਜ਼ਾ ਦਿਤੀ ਗਈ ਹੈ।
ਗਾਂਧੀਨਗਰ ਦੀ ਇਕ ਅਦਾਲਤ ਨੇ 31 ਜਨਵਰੀ ਨੂੰ ਆਸਾਰਾਮ ਨੂੰ ਉਸ ਦੀ ਸਾਬਕਾ ਚੇਲੀ ਵਲੋਂ 2013 ’ਚ ਦਰਜ ਕਰਵਾਏ ਬਲਾਤਕਾਰ ਦੇ ਮਾਮਲੇ ’ਚ ਉਮਰਕੈਦ ਦੀ ਸਜ਼ਾ ਸੁਣਾਈ ਸੀ। ਅਦਾਲਤ ਨੇ ਆਸਾਰਾਮ ਦੀ ਪਤਨੀ ਲਕਸ਼ਮੀਬੇਨ, ਬੇਟੀ ਭਾਰਤੀ ਅਤੇ ਉਸ ਦੇ ਚਾਰ ਚੇਲਿਆਂ ਨੂੰ ਸਬੂਤਾਂ ਦੀ ਕਮੀ ਕਰਕੇ ਬਰੀ ਕਰ ਦਿਤਾ ਸੀ, ਜਿਨ੍ਹਾਂ ’ਤੇ ਅਪਰਾਧ ਨੂੰ ਅੰਜਾਮ ਦੇਣ ’ਚ ਮਦਦ ਦਾ ਦੋਸ਼ ਲਾਇਆ ਗਿਆ ਸੀ।
ਜ਼ਿਕਰਯੋਗ ਹੈ ਕਿ ਆਸਾਰਾਮ 2013 ’ਚ ਰਾਜਸਥਾਨ ਸਥਿਤ ਆਪਣੇ ਆਸ਼ਰਮ ’ਚ ਇਕ ਨਾਬਾਲਗ ਕੁੜੀ ਨਾਲ ਬਲਾਤਕਾਰ ਕਰਨ ਦੇ ਹੋਰ ਮਾਮਲੇ ’ਚ ਅਜੇ ਜੋਧਪੁਰ ਜੇਲ ’ਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ।
ਅਹਿਮਦਾਬਾਦ ਕੋਲ ਮੋਟੇਰਾ ਸਥਿਤ ਆਪਣੇ ਆਸ਼ਰਮ ’ਚ 2001 ਤੋਂ 2007 ਤਕ ਸੂਰਤ ਦੀ ਰਹਿਣ ਵਾਲੀ ਇਕ ਚੇਲੀ ਨਾਲ ਕਈ ਵਾਰੀ ਬਲਾਤਕਾਰ ਕਰਨ ਦੇ ਮਾਮਲੇ ’ਚ ਗਾਂਧੀਨਗਰ ਦੀ ਅਦਾਲਤ ਨੇ ਆਸਰਾਮ ਨੂੰ ਸਜ਼ਾ ਸੁਣਾਈ ਹੈ।