ਜੱਸਾ ਸਿੰਘ ਰਾਮਗੜ੍ਹੀਆ ਅਤੇ ਉਸ ਦੀ ਵਿਰਾਸਤ
ਡਾ. ਜੋਗਿੰਦਰ ਸਿੰਘ
ਸਰਦਾਰ ਜੱਸਾ ਸਿੰਘ (1723-1803) ਨੂੰ ਸਿੱਖੀ ਅਤੇ ਸਿੱਖ ਰਿਆਸਤ ਵਿਰਾਸਤ ਵਿੱਚ ਮਿਲੀ। ਉਸ ਦੇ ਪੜਦਾਦੇ ਹਰਦਾਸ ਸਿੰਘ ਨੇ ਗੁਰੂ ਗੋਬਿੰਦ ਸਿੰਘ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ। ਉਸ ਨੇ ਮੁਗ਼ਲਾਂ ਵਿਰੁੱਧ ਲੜਦਿਆਂ ਸ਼ਹਾਦਤ ਪਾਈ। ਇਸ ਤਰ੍ਹਾਂ ਉਸ ਦੇ ਪਿਤਾ ਗਿਆਨੀ ਭਗਵਾਨ ਸਿੰਘ ਜੋ ਗੁਰਬਾਣੀ ਗਿਆਨ ਦਾ ਮਾਹਿਰ ਸੀ, ਨੇ ਵੀ 1739 ਈਸਵੀ ’ਚ ਅਹਿਮਦਸ਼ਾਹ ਦੁੱਰਾਨੀ ਦੇ ਹਮਲੇ ਵਿੱਚ ਸ਼ਹਾਦਤ ਦਿੱਤੀ।
ਜੱਸਾ ਸਿੰਘ ਦਾ ਫ਼ੌਜੀ ਜੀਵਨ 1739 ’ਚ ਸ਼ੁਰੂ ਹੋਇਆ। ਉਸ ਨੇ 1745 ਈਸਵੀ ’ਚ ਜਲੰਧਰ ਦੇ ਫ਼ੌਜਦਾਰ ਅਦੀਨਾ ਬੇਗ ਅਧੀਨ ਨੌਕਰੀ ਕਰ ਲਈ। ਅਦੀਨਾ ਬੇਗ ਨੇ ਉਸ ਨੂੰ 100 ਸਿੱਖਾਂ ਅਤੇ 60 ਹਿੰਦੂਆਂ ਦੀ ਰੈਜੀਮੈਂਟ ਦਾ ਕਮਾਂਡਰ ਨਿਯੁਕਤ ਕੀਤਾ। ਖ਼ਾਲਸੇ ਨੇ ਜੱਸਾ ਸਿੰਘ ਦੇ ਇਸ ਵਤੀਰੇ ’ਤੇ ਸਖ਼ਤ ਨਰਾਜ਼ਗੀ ਜਤਾਈ। ਉਹ ਅਦੀਨਾ ਬੇਗ ਦੀ ਫ਼ੌਜ ਨੂੰ ਛੱਡ ਕੇ ਰਾਮਰੌਣੀ ਵਿੱਚ ਖ਼ਾਲਸੇ ਨਾਲ ਆ ਮਿਲਿਆ। ਮੁਗ਼ਲ ਸੂਬੇਦਾਰ ਨਵਾਬ ਜ਼ਕਰੀਆ ਦੀ ਹਦਾਇਤ ’ਤੇ ਫ਼ੌਜਦਾਰ ਅਦੀਨਾ ਬੇਗ ਨੇ ਰਾਮਰੌਣੀ ਨੂੰ ਘੇਰਾ ਪਾ ਲਿਆ। ਉਸ ਸਮੇਂ ਤੱਕ ਪੰਜ ਸੌ ਵਿੱਚੋਂ ਦੋ ਸੌ ਸਿੰਘ ਸ਼ਹੀਦ ਹੋ ਚੁੱਕੇ ਸਨ। ਜੱਸਾ ਸਿੰਘ ਦੀ ਅਪੀਲ ’ਤੇ ਦੀਵਾਨ ਕੌੜਾ ਮੱਲ ਨੇ ਮੀਰ ਮੰਨੂੰ ਨੂੰ ਰਾਮਰੌਣੀ ਦੇ ਘੇਰੇ ਨੂੰ ਚੁੱਕਣ ਲਈ ਆਖਿਆ। ਦੀਵਾਨ ਦੇ ਇਸ ਦਖ਼ਲ ਨੇ ਤਿੰਨ ਸੌ ਸਿੰਘਾਂ ਨੂੰ ਬਚਾ ਲਿਆ। ਰਾਮਰੌਣੀ ਦਾ ਕੋਟ ਪੂਰੀ ਤਰ੍ਹਾਂ ਨਸ਼ਟ ਹੋ ਚੁੱਕਾ ਸੀ।
ਜਦੋਂ ਸਰਦਾਰ ਜੱਸਾ ਸਿੰਘ ਮਿਸਲਦਾਰ ਬਣਿਆ, ਉਦੋਂ ਉਸ ਦੇ ਘੋੜਸਵਾਰਾਂ/ਸਹਾਇਕਾਂ ਦੀ ਗਿਣਤੀ ਲਗਭਗ ਤਿੰਨ ਹਜ਼ਾਰ ਦੱਸੀ ਜਾਂਦੀ ਹੈ। ਇਨ੍ਹਾਂ ਵਿੱਚੋਂ ਜਾਂ ਇਨ੍ਹਾਂ ਤੋਂ ਇਲਾਵਾ ਉਸ ਦੇ ਚਾਰ ਭਰਾਵਾਂ ਦੇ ਫ਼ੌਜੀ ਦਸਤੇ ਵੀ ਸਨ। ਇਨ੍ਹਾਂ ਭਰਾਵਾਂ ਵਿੱਚ ਮਾਲੀ ਸਿੰਘ ਤਾਕਤਵਰ ਸੀ। ਉਸ ਨੇ ਲੁੱਟ ਮਾਰ ਦਾ ਮਾਲ ਵੀ ਇਕੱਠਾ ਕੀਤਾ ਅਤੇ ਰਾਮਗੜ੍ਹੀਆ ਮਿਸਲ ਦੇ ਵਿਰੋਧੀਆਂ ਨੂੰ ਵੀ ਹਰਾਇਆ। ਜੱਸਾ ਸਿੰਘ ਨੇ ਰਿਆੜਕੀ ਇਲਾਕੇ (ਜ਼ਿਲ੍ਹਾ ਗੁਰਦਾਸਪੁਰ) ’ਚ ਰਾਮਗੜ੍ਹੀਆ ਰਿਆਸਤ ਕਾਇਮ ਕੀਤੀ। ਰਿਆੜਕੀ ਦੇ ਮੁੱਖ ਨਗਰਾਂ ਵਿੱਚ ਕਿਲ੍ਹੇ ਉਸਾਰੇ ਅਤੇ ਕਿਲੇਦਾਰ/ਫ਼ੌਜਦਾਰ ਨਿਯੁਕਤ ਕੀਤੇ। ਛੋਟੇ ਵੱਡੇ ਕਿਲ੍ਹਿਆਂ ਅਤੇ ਕੋਟਾਂ ਦੀ ਗਿਣਤੀ ਸੈਂਕੜੇ ਦੱਸੀ ਜਾਂਦੀ ਹੈ। ਪਰ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ’ਚ ਰਾਮਗੜ੍ਹੀਆ ਬੁੰਗਾ (1785) ਉਸ ਦਾ ਵਡਮੁੱਲਾ ਯੋਗਦਾਨ ਹੈ। ਇਸ ਦੇ ਤਹਿਖਾਨੇ ਵਿੱਚ ਮੁਗ਼ਲਾਂ ਦੀ ਸੰਗਮਰਮਰ ਦੀ ਸਿਲ, ਉਸ ਦੀ ਦਿੱਲੀ ਫ਼ਤਹਿ (1787) ਦੀ ਯਾਦਗਾਰ ਹੈ। ਰਾਮਗੜ੍ਹੀਆ ਭਾਈਚਾਰੇ ਦੇ ਸੰਘਰਸ਼ ਨੇ ਰਾਮਗੜ੍ਹੀਆ ਬੁੰਗੇ ਨੂੰ ਕਾਇਮ ਰੱਖਿਆ ਜਦੋਂਕਿ ਦਰਬਾਰ ਸਾਹਿਬ ਦੀ ਪਰਿਕਰਮਾ ਦੀ ਪੱਛਮੀ ਬਾਹੀ ਦੇ ਦੋ ਦਰਜਨ ਬੁੰਗੇ ਅਲੋਪ ਹੋ ਚੁੱਕੇ ਹਨ। ਉਸ ਨੇ ਪਹਾੜੀ, ਨੀਮ ਪਹਾੜੀ ਅਤੇ ਮੈਦਾਨੀ ਇਲਾਕਿਆਂ ਵਿੱਚੋਂ ਦੋ ਲੱਖ ਰੁਪਏ ਲਗਾਨ ਉਗਰਾਹਿਆ।
ਮੰਨਿਆ ਜਾ ਸਕਦਾ ਹੈ ਕਿ ਜੱਸਾ ਸਿੰਘ ਦੀ ਸਰਦਾਰੀ ਅਧੀਨ ਰਾਮਗੜ੍ਹੀਏ (ਲੁਹਾਰ-ਤਰਖਾਣ) ਪਰਿਵਾਰਾਂ ਨੂੰ ਪ੍ਰਸ਼ਾਸਕੀ ਵਰਗ ਦਾ ਹਿੱਸਾ ਬਣਨ ਦਾ ਮੌਕਾ ਮਿਲਿਆ। ਉਹ ਫ਼ੌਜਦਾਰ, ਕਿਲੇਦਾਰ, ਜਗੀਰਦਾਰ ਅਤੇ ਜ਼ਿਮੀਦਾਰ ਬਣ ਗਏ, ਪਰ ਉਨ੍ਹਾਂ ਦੀ ਗਿਣਤੀ ਖੋਜ ਦਾ ਵਿਸ਼ਾ ਹੈ। ਜੱਸਾ ਸਿੰਘ ਦੀ ਮੌਤ ਤੋਂ ਬਾਅਦ ਜੋਧ ਸਿੰਘ, ਵੀਰ ਸਿੰਘ, ਖ਼ੁਸ਼ਹਾਲ ਸਿੰਘ, ਤਾਰਾ ਸਿੰਘ, ਦੀਵਾਨ ਸਿੰਘ ਅਤੇ ਮੰਗਲ ਸਿੰਘ ਨੇ ਇਸ ਵਿਰਾਸਤ ਨੂੰ ਕਾਇਮ ਰੱਖਿਆ। ਬਰਤਾਨਵੀ ਹਕੂਮਤ ਨੇ ਰਾਮਗੜ੍ਹੀਆ ਸਰਦਾਰਾਂ ਨੂੰ ਮਾਨਤਾ ਦਿੰਦਿਆਂ ਉਨ੍ਹਾਂ ਵਿੱਚੋਂ ਕੁਝ ਨੂੰ ਪ੍ਰੋਵਿਨਸ਼ੀਅਲ ਦਰਬਾਰ ਦੇ ਮੈਂਬਰ ਅਤੇ ਔਨਰੇਰੀ ਮੈਜਿਸਟ੍ਰੇਟ ਨਿਯੁਕਤ ਕੀਤਾ। ਪਰ ਅਜੇ ਵੀ ਉਨ੍ਹਾਂ ਦੀ ਬਹੁਗਿਣਤੀ ਸੇਪੀਆਂ ਦੀ ਹੀ ਸੀ ਅਰਥਾਤ ਉਹ ਜ਼ਿਮੀਦਾਰਾਂ ਤੇ ਕਾਸ਼ਤਕਾਰਾਂ ’ਤੇ ਨਿਰਭਰ ਸਨ।
ਵੀਹਵੀਂ ਸਦੀ ਦੇ ਅੰਤ ਤੱਕ ਭਾਰਤ ਦੇ ਨਗਰਾਂ ਅਤੇ ਮਹਾਂਨਗਰਾਂ ਵਿੱਚ ਆਧੁਨਿਕ ਰਾਮਗੜ੍ਹੀਆ ਸਭਾਵਾਂ (ਐਸੋਸੀਏਸ਼ਨਾਂ) ਸਥਾਪਿਤ ਹੋ ਚੁੱਕੀਆਂ ਸਨ। ਸਥਾਪਤੀ ਦਾ ਇਹ ਰੁਝਾਨ ਇੱਕੀਵੀਂ ਸਦੀ ਵਿੱਚ ਨਿਰੰਤਰ ਚੱਲ ਰਿਹਾ ਹੈ। ਇਨ੍ਹਾਂ ਸਭਾਵਾਂ ’ਚੋਂ ਬਹੁਗਿਣਤੀ ਅਜੋਕੇ ਪੰਜਾਬ ਦੇ ਨਗਰਾਂ ਜਿਵੇਂ ਅੰਮ੍ਰਿਤਸਰ, ਬਟਾਲਾ, ਗੁਰਦਾਸਪੁਰ, ਜਲੰਧਰ, ਫਗਵਾੜਾ, ਗੁਰਾਇਆ, ਲੁਧਿਆਣਾ ਅਤੇ ਮੁਹਾਲੀ/ਚੰਡੀਗੜ੍ਹ ਵਿੱਚ ਸਥਿਤ ਹਨ। ਭਾਈਚਾਰੇ ਦੇ ਲੋਕਾਂ ਨੇ ਪੰਜਾਬ ਤੋਂ ਬਾਹਰ ਦਿੱਲੀ, ਲਖਨਊ, ਕਾਨਪੁਰ, ਕਲਕੱਤਾ ਅਤੇ ਬੰਬਈ ਆਦਿ ਵੱਲ ਪਰਵਾਸ ਕੀਤਾ। ਪਹਿਲਾਂ ਉਨ੍ਹਾਂ ਨੇ ਉਦਯੋਗਿਕ ਕਾਰਖਾਨਿਆਂ ਵਿੱਚ ਕੰਮ ਕੀਤਾ ਤੇ ਬਾਅਦ ਵਿੱਚ ਆਪਣੇ ਉਦਯੋਗ ਵੀ ਸਥਾਪਿਤ ਕੀਤੇ। ਕੁਝ ਇੱਕ ਨੇ ਟਰਾਂਸਪੋਰਟ ਦਾ ਕੰਮ ਵੀ ਸ਼ੁਰੂ ਕੀਤਾ।
ਬਰਤਾਨਵੀ ਹਕੂਮਤ ਨੇ Land Alienation Act (1900) ਅਧੀਨ ਗ਼ੈਰ-ਜ਼ਰਾਇਤੀ ਸ਼੍ਰੇਣੀਆਂ ਨੂੰ ਵਾਹੀਯੋਗ ਜ਼ਮੀਨ ਖਰੀਦਣ ’ਤੇ ਪਾਬੰਦੀ ਲਗਾ ਦਿੱਤੀ। ਨਤੀਜੇ ਵਜੋਂ ਰਾਮਗੜ੍ਹੀਏ ਜ਼ਿਮੀਂਦਾਰਾਂ, ਸਨਅਤਕਾਰਾਂ ਅਤੇ ਠੇਕੇਦਾਰਾਂ ਨੇ ਇਸ ਕਾਨੂੰਨ ਵਿਰੁੱਧ ਮੁਹਿੰਮ ਚਲਾਈ। ਬਰਤਾਨਵੀ ਰਾਜ ਦੀ ਪ੍ਰਸਿੱਧ ਹਸਤੀ ਭਾਈ ਅਰਜਨ ਸਿੰਘ ਬਾਗੜੀਆ ਹਜ਼ਾਰਾਂ ਏਕੜ ਦਾ ਮਾਲਕ ਸੀ। ਉਸ ਨੇ ਗ਼ੈਰ ਕਾਸ਼ਤਕਾਰਾਂ ਦੇ ਪਤਵੰਤੇ ਸੱਜਣਾਂ ਦਾ ਇਕੱਠ ਕੀਤਾ। ਇਸ ਪ੍ਰਸੰਗ ਵਿੱਚ ਰਾਮਗੜ੍ਹੀਆ ਸਭਾ ਪੰਜਾਬ ਜੂਨ 1908 ’ਚ ਸਥਾਪਤ ਕੀਤੀ ਗਈ। ਰਾਮਗੜ੍ਹੀਆ ਪੱਤ੍ਰਿਕਾ, ਰਾਮਗੜ੍ਹੀਆ ਗ਼ਜ਼ਟ, ਰਾਮਗੜ੍ਹੀਆ ਸੈਂਟਰਲ ਬੋਰਡ ਆਦਿ ਨੇ ਭਾਈਚਾਰੇ ਦੇ ਕੁਲੀਨ ਵਰਗ ਲਈ ਸਾਂਝਾ ਮੰਚ ਪ੍ਰਦਾਨ ਕੀਤਾ। ਡਾਕਟਰ ਨੰਦ ਸਿੰਘ ਐੱਮ.ਏ. ਪੀਐੱਚ.ਡੀ. ਫੈਡਰੇਸ਼ਨ ਦੇ ਪਹਿਲੇ ਪ੍ਰਧਾਨ ਸਨ। ਇਸ ਫੈਡਰੇਸ਼ਨ ਦੀ ਬਦੌਲਤ 1950 ਨੂੰ ਉਪਰੋਕਤ ਐਕਟ ਰੱਦ ਹੋਇਆ।