ਇਟਲੀ ਦੇ ਤੇਰਾਨੋਵਾ ਵਿਖੇ ਸਜਾਇਆ ਗਿਆ ਮਹਾਨ ਨਗਰ ਕੀਰਤਨ
ਮਿਲਾਨ: ਇਟਲੀ ਵਿੱਚ ਸਿੱਖ ਧਰਮ ਦੀ ਚੜਦੀਕਲਾ ਲਈ ਇਥੋਂ ਦੀਆਂ ਪ੍ਰਬੰਧਕ ਕਮੇਟੀਆ ਸੰਗਤਾਂ ਦੇ ਸਹਿਯੋਗ ਨਾਲ ਵੱਖ-ਵੱਖ ਸਮਾਗਮ ਅਤੇ ਨਗਰ ਕੀਰਤਨ ਉਲੀਕਦੀਆਂ ਰਹਿੰਦੀਆਂ ਹਨ। ਜਿਸ ਦੇ ਚਲਦਿਆਂ ਇਟਲੀ ਵਿੱਚ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਜੋਰਾਂ ਤੇ ਹੈ। ਇਹਨਾਂ ਸ਼ਲਾਘਾਯੋਗ ਕਾਰਵਾਈਆਂ ਦੇ ਤਹਿਤ ਇਟਲੀ ਦੇ ਤੈਰਾਨੋਵਾ (ਆਰੈਸੋ) ਵਿਖੇ ਖਾਲਸਾ ਪੰਥ ਦੇ ਸਾਜਨਾ ਦਿਵਸ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਸਜਾਇਆ ਗਿਆ। ਜਿਸ ਵਿਚ ਦੂਰੋਂ ਦੁਰਾਡਿਆਂ ਤੋਂ ਸੰਗਤ ਨੇ ਸ਼ਿਰਕਤ ਕੀਤੀ।
ਇਸ ਮੌਕੇ ਪੰਥ ਪ੍ਰਸਿੱਧ ਕਵੀਸ਼ਰ ਭਾਈ ਗੁਰਮੁੱਖ ਸਿੰਘ ਜੌਹਲ ਅਤੇ ਕਵਸ਼ੀਰੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਗੱਤਕੇ ਵਾਲੇ ਸਿੰਘਾਂ ਵਲੋਂ ਗੱਤਕਾ ਦੇ ਜੌਹਰ ਵਿਖਾਏ ਗਏ। ਨਗਰ ਕੀਰਤਨ ਪ੍ਰਬੰਧਕ ਕਮੇਟੀ ਵਲੋਂ ਆਏ ਹੋਏ ਆਗੂਆਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੰਗਤ ਨੂੰ ਵਿਸਾਖੀ ਦੀਆਂ ਵਧਾਈਆਂ ਦਿੰਦੇ ਹੋਏ ਤਰਾਨੋਵਾ ਦੇ ਮੇਅਰ ਸੈਰਜੀੳ ਕੈਨੀਨੀ ਨੇ ਆਖਿਆ ਕਿ ਉਨਾਂ ਨੂੰ ਨਗਰ ਕੀਰਤਨ ਵਿਚ ਸ਼ਮੂਲੀਅਤ ਕਰਕੇ ਬਹੁਤ ਚੰਗਾ ਲੱਗਿਆ ਤੇ ਉਹ ਅੱਗੇ ਵੀ ਵਿਸ਼ਵਾਸ਼ ਦਿਵਾਉਂਦੇ ਹਨ ਕਿ ਜਦੋਂ ਵੀ ਕੋਈ ਅਜਿਹਾ ਪ੍ਰੋਗਰਾਮ ਉਲੀਕਦੇ ਹਨ ਤਾਂ ਪ੍ਰਸ਼ਾਸ਼ਨ ਵੱਲੋ ਉਨਾਂ ਨੂੰ ਪੂਰਾ ਸਹਿਯੋਗ ਮਿਲੇਗਾ।