ਫ਼ੁਟਕਲ

ਕੇਰਲ ਸਰਕਾਰ ਨੇ ਦਸਵੀਂ ਜਮਾਤ ਦੀਆਂ ਕਿਤਾਬਾਂ ’ਚੋਂ ਆਵਰਤ ਸਾਰਣੀ ਅਤੇ ਹੋਰ ਪਾਠ ਹਟਾਉਣ ਦੀ ਨਿੰਦਾ ਕੀਤੀ

ਤਿਰੂਵਨੰਤਪੁਰਮ: ਕੇਰਲ ਸਰਕਾਰ ਨੇ ਰਾਸ਼ਟਰੀ ਵਿੱਦਿਅਕ ਖੋਜ ਅਤੇ ਸਿਖਲਾਈ ਕੌਂਸਲ (ਐਨ.ਸੀ.ਈ.ਆਰ.ਟੀ.) ਵਲੋਂ ਦਸਵੀਂ ਜਮਾਤ ਦੀਆਂ ਕਿਤਾਬਾਂ ’ਚੋਂ ਆਵਰਤ ਸਾਰਣੀ (ਪੀਰੀਓਡਿਕ ਟੇਬਲ) ਅਤੇ ‘ਲੋਕਤੰਤਰ ਸਾਹਮਣੇ ਚੁਨੌਤੀਆਂ’ ’ਤੇ ਅਧਾਰਤ ਪਾਠ ਹਟਾਏ ਜਾਣ ਦੀ ਆਲੋਚਨਾ ਕੀਤੀ ਹੈ। ਸੂਬਾ ਸਰਕਾਰ ਨੇ ਕਿਹਾ ਹੈ ਕਿ ਇਹ ਲੋਕਤੰਤਰੀ ਅਤੇ ਧਰਮਨਿਰਪੱਖ ਕਦਰਾਂ-ਕੀਮਤਾਂ ਨੂੰ ਚੁਨੌਤੀ ਦੇਣ ਵਰਗਾ ਹੈ।

ਕਿਤਾਬਾਂ ਨੂੰ ‘ਤਰਕਸੰਗਤ’ ਬਣਾਉਣ ਮਗਰੋਂ ਐਨ.ਸੀ.ਈ.ਆਰ.ਟੀ. ਵਲੋਂ ਪਿਛਲੇ ਸਾਲ ਤਬਦੀਲੀਆਂ ਨਾਲ ਤਿਆਰ ਕਿਤਾਬਾਂ ਹੁਣ ਬਾਜ਼ਾਰ ’ਚ ਆ ਗਈਆਂ ਹਨ। ਆਵਰਤ ਸਾਰਣੀ ਅਤੇ ‘ਲੋਕਤੰਤਰ ਸਾਹਮਣੇ ਚੁਨੌਤੀਆਂ’ ਤੋਂ ਇਲਾਵਾ ਰਾਸ਼ਟਰੀ ਅਰਥਵਿਵਸਥਾ ’ਚ ਖੇਤੀ ਦਾ ਯੋਗਦਾਨ, ਕੁਦਰਤੀ ਸਰੋਤਾਂ ਦਾ ਪ੍ਰਬੰਧਨ ਵਰਗੇ ਪਾਠ ਵੀ ਦਸਵੀਂ ਜਮਾਤ ਦੀਆਂ ਕਿਤਾਬਾਂ ’ਚੋਂ ਹਟਾ ਦਿਤੇ ਗਏ ਹਨ।

ਕੇਰਲ ਦੇ ਸਿਖਿਆ ਮੰਤਰੀ ਵੀ. ਸ਼ਿਵਨਕੁੱਟੀ ਨੇ ਇਕ ਬਿਆਨ ’ਚ ਕਿਹਾ, ‘‘ਤਰਕਸੰਗਤ ਬਣਾਉਣ ਦੇ ਨਾਂ ’ਤੇ ਇਨ੍ਹਾਂ ‘ਪਾਠਾਂ’ ਨੂੰ ਐਨ.ਸੀ.ਈ.ਆਰ.ਟੀ. ਵਲੋਂ ਹਟਾਉਣ ਦੀ ਇਕਪਾਸੜ ਕਾਰਵਾਈ ਸਾਡੇ ਦੇਸ਼ ਦੇ ਲੋਕਤੰਤਰੀ ਅਤੇ ਧਰਮਨਿਰਪੱਖ ਕਦਰਾਂ-ਕੀਮਤਾਂ ਲਈ ਚੁਨੌਤੀ ਹੈ। ਕੇਰਲ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਇਸ ਨੂੰ ਮਨਜ਼ੂਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਇਹ ਦੇਸ਼ ਦੇ ਪੂਰੇ ਲੋਕਤੰਤਰੀ ਢਾਂਚੇ ਨੂੰ ਚੁਨੌਤੀ ਦਿੰਦਾ ਹੈ।’’

ਉਨ੍ਹਾਂ ਕਿਹਾ ਕਿ ਐਨ.ਸੀ.ਈ.ਆਰ.ਟੀ. ਨੇ ਰਾਸ਼ਟਰਪਿਤਾ ਮਹਾਤਮਾ ਗਾਂਧੀ, ਮੌਲਾਨਾ ਆਜ਼ਾਦ ਅਤੇ ਦੇਸ਼ ਦੇ ਸਾਂਝੇ ਇਤਿਹਾਸ, ਜੈਵਵਿਕਾਸ ਦੇ ਸਿਧਾਂਤ, ਆਵਰਤ ਸਾਰਣੀ, ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਦੇਸ਼ ਦੇ ਸਾਹਮਣੇ ਮੌਜੂਦਾ ਚੁਨੌਤੀਆਂ ਨਾਲ ਜੁੜੇ ਹੋਰ ਪਾਠ ਹਟਾਉਣ ਦਾ ਰੁਖ਼ ਅਪਣਾਇਆ ਹੈ।

ਸ਼ਿਵਨਕੁੱਟੀ ਨੇ ਕਿਹਾ, ‘‘ਧਰਮਨਿਰਪੱਖਤਾ ਅਤੇ ਲੋਕਤੰਤਰੀ ਦੀ ਰਾਖੀ ਕਰਨਾ ਤੇ ਅਸਲ ਇਤਿਹਾਸਕ ਤੱਥਾਂ ਨੂੰ ਪੜ੍ਹਨ ਅਤੇ ਵਿਗਿਆਨਕ ਸੋਚ ਵਿਕਸਤ ਕਰਨ ਲਈ ਕੇਰਲ ਲੋਕਾਂ ਦੀ ਸਿਖਿਆ ਦੀ ਨਿਗਰਾਨੀ ਕਰੇਗਾ ਅਤੇ ਉਸ ਨੂੰ ਮਜ਼ਬੂਤ ਕਰੇਗਾ।’’

ਉਨ੍ਹਾਂ ਕਿਹਾ, ‘‘ਕੇਰਲ ਪਹਿਲਾਂ ਹੀ ਐਲਾਨ ਕਰ ਚੁੱਕਾ ਹੈ ਕਿ ਅਸੀਂ ਕਿਤਾਬਾਂ ’ਚੋਂ ਹਟਾਏ ਹਿੱਸਿਆਂ ਨੂੰ ਸ਼ਾਮਲ ਕਰਦਿਆਂ ਲੋਕਤੰਤਰੀ ਅਤੇ ਧਰਮਨਿਰਪੱਖ ਕਦਰਾਂ-ਕੀਮਤਾਂ ਨੂੰ ਸਮੇਟਣ ਵਾਲੀਆਂ ਕਦਰਾਂ-ਕੀਮਤਾਂ ਇਤਿਹਾਸ ਨੂੰ ਬਗ਼ੈਰ ਤੋੜਦਿਆਂ-ਮਰੋੜਦਿਆਂ ਕਿਤਾਬਾਂ ਪ੍ਰਕਾਸ਼ਤ ਕਰਾਂਗੇ।’’

ਇਸ ਖ਼ਬਰ ਬਾਰੇ ਕੁਮੈਂਟ ਕਰੋ-