ਦਿੱਲੀ ‘ਚ 8 ਸਾਲਾਂ ‘ਚ ਵਿਕਾਸ ਦੀ ਰਫ਼ਤਾਰ ਘੱਟ ਨਹੀਂ ਹੋਈ ਪਰ ਪ੍ਰਦੂਸ਼ਣ ਜ਼ਰੂਰ ਘਟਿਆ ਹੈ: ਕੇਜਰੀਵਾਲ
ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਮਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ‘ਚ ਪਿਛਲੇ ਅੱਠ ਸਾਲਾਂ ‘ਚ ਵਿਕਾਸ ਦੀ ਰਫ਼ਤਾਰ ਘੱਟ ਨਹੀਂ ਹੋਈ ਹੈ ਪਰ ਪ੍ਰਦੂਸ਼ਣ ਦਾ ਪੱਧਰ ਜ਼ਰੂਰ ਹੇਠਾਂ ਆਇਆ ਹੈ।
ਉਨ੍ਹਾਂ ਕਿਹਾ ਕਿ ਜਦੋਂ ਵੀ ਵਿਕਾਸ ਹੁੰਦਾ ਹੈ ਤਾਂ ਦਰੱਖਤਾਂ ਦੀ ਕਟਾਈ, ਸੜਕਾਂ ਦੀ ਉਸਾਰੀ, ਧੂੜ ਉਡਣ ਅਤੇ ਹੋਰ ਕਾਰਨਾਂ ਕਰ ਕੇ ਪ੍ਰਦੂਸ਼ਣ ਹੁੰਦਾ ਹੈ।
ਕੇਜਰੀਵਾਲ ਨੇ ਕਿਹਾ, “ਪਿਛਲੇ ਅੱਠ ਸਾਲਾਂ ਵਿਚ ਦਿੱਲੀ ਵਿਚ ਵਿਕਾਸ ਦੀ ਰਫ਼ਤਾਰ ਮੱਠੀ ਨਹੀਂ ਹੋਈ ਹੈ। ਸਕੂਲ, ਹਸਪਤਾਲ ਅਤੇ ਫਲਾਈਓਵਰ ਬਣਾਏ ਜਾ ਰਹੇ ਹਨ ਪਰ ਇਸ ਸਮੇਂ ਦੌਰਾਨ ਪ੍ਰਦੂਸ਼ਣ ਦਾ ਪੱਧਰ ਯਕੀਨੀ ਤੌਰ ‘ਤੇ ਹੇਠਾਂ ਆਇਆ ਹੈ।
ਅੰਕੜਿਆਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ 2016 ਵਿਚ ਪ੍ਰਦੂਸ਼ਣ ਦਾ ਪੱਧਰ 26 ਦਿਨਾਂ ਲਈ “ਬਹੁਤ ਖਰਾਬ” ਸੀ ਜਦੋਂ ਸ਼ਹਿਰ “ਗੈਸ ਚੈਂਬਰ ਵਾਂਗ” ਬਣ ਗਿਆ ਸੀ। ਉਨ੍ਹਾਂ ਕਿਹਾ ਕਿ 2022 ਵਿਚ ਅਜਿਹੇ ਸਿਰਫ਼ ਛੇ ਦਿਨ ਸਨ।
ਕੇਜਰੀਵਾਲ ਨੇ ਕਿਹਾ ਕਿ 2013 ਵਿਚ ਸ਼ਹਿਰ ਵਿਚ ਦਰੱਖਤ ਕਵਰ ਪ੍ਰਤੀਸ਼ਤ (ਕੁੱਲ ਜ਼ਮੀਨੀ ਖੇਤਰ ਦਾ) 20 ਪ੍ਰਤੀਸ਼ਤ ਸੀ, ਜੋ ਅੱਜ ਵਧ ਕੇ 23 ਪ੍ਰਤੀਸ਼ਤ ਹੋ ਗਿਆ ਹੈ।