ਪੰਜਾਬ

ਭੈਣ ਨੂੰ ਮਿਲਣ ਗਏ ਭਰਾ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਅਬੋਹਰ: ਅਬੋਹਰ ਦੇ ਪਿੰਡ ਘੱਲੂ ਨੇੜੇ ਅੱਜ ਸਵੇਰੇ ਅਣਪਛਾਤੇ ਕਾਰਨਾਂ ਕਾਰਨ ਇਕ ਨੌਜਵਾਨ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਸੂਚਨਾ ਮਿਲਣ ’ਤੇ ਜੀਆਰਪੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਸਹਿਯੋਗ ਨਾਲ ਲਾਸ਼ ਨੂੰ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਫਿਰੋਜ਼ਪੁਰ ਬਸਤੀ ਚੰਗੀ ਲੰਗੇਆਣਾ ਦਾ ਰਹਿਣ ਵਾਲਾ 34 ਸਾਲਾ ਨਿਸ਼ਾਨ ਸਿੰਘ ਪੁੱਤਰ ਤੋਤਾ ਸਿੰਘ ਬੀਤੇ ਦਿਨੀਂ ਘੱਲੂ ਵਿਖੇ ਆਪਣੀ ਵਿਆਹੀ ਭੈਣ ਦੇ ਘਰ ਮਿਲਣ ਆਇਆ ਸੀ। ਅੱਜ ਜਦੋਂ ਫ਼ਿਰੋਜ਼ਪੁਰ ਤੋਂ ਹਨੂੰਮਾਨਗੜ੍ਹ ਜਾ ਰਹੀ ਟਰੇਨ ਸਵੇਰੇ 8 ਵਜੇ ਦੇ ਕਰੀਬ ਘੱਲੂ ਨੇੜੇ ਪੁੱਜੀ ਤਾਂ ਉਸ ਨੇ ਰੇਲਗੱਡੀ ਅੱਗੇ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।

ਇਧਰ ਘਟਨਾ ਦੀ ਸੂਚਨਾ ਮਿਲਦੇ ਹੀ ਜੀਆਰਪੀ ਥਾਣੇ ਤੋਂ ਸਟਾਫ਼ ਦੀ ਟੀਮ ਮੌਕੇ ‘ਤੇ ਪਹੁੰਚ ਗਈ। ਨਰ ਸੇਵਾ ਨਰਾਇਣ ਸੇਵਾ ਸੰਮਤੀ ਦੇ ਮੈਂਬਰਾਂ ਸੋਨੂੰ ਗਰੋਵਰ ਅਤੇ ਬਿੱਟੂ ਨਰੂਲਾ ਦੀ ਮਦਦ ਨਾਲ ਮ੍ਰਿਤਕ ਦੀ ਲਾਸ਼ ਨੂੰ ਰੇਲਵੇ ਲਾਈਨ ਤੋਂ ਚੁੱਕ ਕੇ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ। ਪੁਲਿਸ ਨੇ ਮ੍ਰਿਤਕ ਦੇ ਵੱਡੇ ਭਰਾ ਬਿੰਦਰ ਸਿੰਘ ਅਤੇ ਜੀਜਾ ਰਾਜ ਸਿੰਘ ਦੇ ਬਿਆਨਾਂ ’ਤੇ 174 ਸੀਆਰਪੀਸੀ ਤਹਿਤ ਕਾਰਵਾਈ ਕੀਤੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-