ਪੰਜਾਬ ਦੇ ਮੰਤਰੀ ਬਲਕਾਰ ਸਿੰਘ ਦੇ ਸੁਰੱਖਿਆ ਮੁਲਾਜ਼ਮਾਂ ਦੀ ਗੱਡੀ ’ਤੇ ਹਮਲਾ ਕਰਨ ਦੇ ਮਾਮਲੇ ’ਚ 4 ਗ੍ਰਿਫ਼ਤਾਰ

ਜਲੰਧਰ : ਜਲੰਧਰ ‘ਚ ਬੀਤੀ ਰਾਤ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਦੀ ਪਾਇਲਟ ਗੱਡੀ ‘ਤੇ ਹਮਲਾ ਕਰਨ ਦੇ ਦੋਸ਼ ‘ਚ ਜਲੰਧਰ ਪੁਲੀਸ ਨੇ ਚਾਰ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਘਟਨਾ ਬੀਤੀ ਰਾਤ 1 ਵਜੇ ਵਾਪਰੀ, ਜਦੋਂ ਮੰਤਰੀ ਆਪਣੀ ਪਤਨੀ ਸਮੇਤ ਸਮਾਗਮ ਤੋਂ ਬਾਅਦ ਘਰ ਪਰਤ ਰਹੇ ਸਨ। ਮੰਤਰੀ ਦਾ ਕਾਫ਼ਲਾ ਜਦੋਂ ਰਵਿਦਾਸ ਚੌਕ ਕੋਲ ਪੁੱਜਾ ਤਾਂ ਲਗਜ਼ਰੀ ਗੱਡੀ ਵਿੱਚ ਸਵਾਰ ਸ਼ਰਾਬੀ ਨੌਜਵਾਨਾਂ ਦੇ ਝੁੰਡ ਨਾਲ ਮੰਤਰੀ ਦੀ ਐਸਕਾਰਟ ਗੱਡੀ ਨੂੰ ਓਵਰਟੇਕ ਕਰਨ ਦੇ ਮਾਮਲੇ ’ਤੇ ਝਗੜਾ ਹੋ ਗਿਆ। ਉਨ੍ਹਾਂ ਨੇ ਗੱਡੀ ‘ਚ ਬੈਠੇ ਸੁਰੱਖਿਆ ਮੁਲਾਜ਼ਮਾਂ ਨੂੰ ਕਥਿਤ ਗਾਲ੍ਹਾਂ ਕੱਢੀਆਂ ਅਤੇ ਗੱਡੀ ਦੇ ਇੱਟਾਂ ਮਾਰੀਆਂ। ਉਨ੍ਹਾਂ ਸੜਕ ’ਤੇ ਜਾਮ ਵੀ ਲਾਇਆ। ਪੁਲੀਸ ਦਾ ਕਹਿਣਾ ਹੈ ਕਿ ਘਟਨਾ ਵੇਲੇ ਮੰਤਰੀ ਦੀ ਗੱਡੀ ਮੌਕੇ ‘ਤੇ ਨਹੀਂ ਸੀ। ਪੁਲੀਸ ਨੇ ਕੇਸ ਦਰਜ ਕਰ ਲਿਆ।