ਫ਼ੁਟਕਲ

ਸੜਕ ਹਾਦਸੇ ਵਿਚ ਦੋ ਪ੍ਰਾਪਰਟੀ ਡੀਲਰਾਂ ਦੀ ਮੌਤ

ਰੋਹਤਕ : ਰੋਹਤਕ ਦੇ ਭਲੌਠ ਪਿੰਡ ਨੇੜੇ ਦੋ ਦੋਸਤਾਂ ਦੀ ਕਾਰ ਇਕ ਟਰੱਕ ਨਾਲ ਟਕਰਾ ਗਈ। ਜਿਸ ‘ਚ ਦੋਵਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਸੋਨੀਪਤ ਦੇ ਖਰਖੋਦਾ ‘ਚ ਬਰਾਤ ‘ਤੇ ਗਏ ਸਨ। ਇਹ ਹਾਦਸਾ ਵਾਪਸ ਆਉਂਦੇ ਸਮੇਂ ਅੱਗੇ ਜਾ ਰਹੇ ਟਰੱਕ ਦੇ ਡਰਾਈਵਰ ਵਲੋਂ ਐਮਰਜੈਂਸੀ ਬ੍ਰੇਕ ਲਗਾਉਣ ਕਾਰਨ ਵਾਪਰਿਆ। ਟੱਕਰ ਤੋਂ ਬਾਅਦ ਕਾਰ ਟਰੱਕ ਵਿੱਚ ਹੀ ਫਸ ਗਈ। ਡਰਾਈਵਰ ਕਾਰ ਨੂੰ ਕਰੀਬ ਡੇਢ ਕਿਲੋਮੀਟਰ ਤਕ ਘਸੀਟਦਾ ਰਿਹਾ।

ਮ੍ਰਿਤਕਾਂ ਦੀ ਪਛਾਣ ਦਿਨੇਸ਼ ਫੋਗਾਟ (32) ਅਤੇ ਅਮਨ ਫੋਗਾਟ (27) ਵਾਸੀ ਭਲੌਠ ਵਜੋਂ ਹੋਈ ਹੈ। ਦੋਵੇਂ ਪ੍ਰਾਪਰਟੀ ਡੀਲਰ ਦਾ ਕੰਮ ਕਰਦੇ ਸਨ। ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੇ ਦਸਿਆ ਕਿ ਅਮਨ ਅਤੇ ਦਿਨੇਸ਼ ਦੇ ਇਕ ਦੋਸਤ ਦਾ ਵਿਆਹ ਸੀ। ਇਸੇ ਕਾਰਨ ਉਹ ਸੋਮਵਾਰ ਰਾਤ ਨੂੰ ਕਾਰ ਵਿਚ ਸੋਨੀਪਤ ਦੇ ਖਰਖੌਦਾ ਗਏ ਸਨ। ਉਹ ਮੰਗਲਵਾਰ ਸਵੇਰੇ ਵਾਪਸ ਆ ਰਹੇ ਸਨ ਕਿ ਜਿਵੇਂ ਹੀ ਉਹ ਪਿੰਡ ਭਲੌਠ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨੇ ਅਚਾਨਕ ਬ੍ਰੇਕ ਲਗਾ ਦਿਤੀ।

ਅਮਨ ਦੇ ਚਾਚਾ ਵਿਪਿਨ ਨੇ ਦਸਿਆ ਕਿ ਉਸ ਦੇ ਭਰਾ ਵਿਜੇ ਫੋਗਾਟ ਦੇ 2 ਬੱਚੇ ਹਨ, ਇਕ ਬੇਟਾ ਅਤੇ ਇਕ ਬੇਟੀ। ਅਮਨ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਹੈ। ਘਰ ਵਿਚ ਦੋਵੇਂ ਭੈਣ-ਭਰਾ ਦੇ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਦੋਵੇਂ ਨਵੰਬਰ ਮਹੀਨੇ ਇਕੱਠੇ ਵਿਆਹ ਕਰਨ ਵਾਲੇ ਸਨ। ਅਮਨ ਦੀ ਮੌਤ ਤੋਂ ਬਾਅਦ ਪ੍ਰਵਾਰ ‘ਚ ਵਿਆਹ ਦੀਆਂ ਖ਼ੁਸ਼ੀਆਂ ਮਾਤਮ ‘ਚ ਬਦਲ ਗਈਆਂ।

ਪ੍ਰਵਾਰਕ ਮੈਂਬਰਾਂ ਨੇ ਦਸਿਆ ਕਿ ਮ੍ਰਿਤਕ ਦਿਨੇਸ਼ ਦਾ ਇਕ ਬੇਟਾ ਹੈ ਅਤੇ ਉਸ ਦੀ ਪਤਨੀ ਕਰੀਬ 7 ਮਹੀਨੇ ਦੀ ਗਰਭਵਤੀ ਹੈ। ਉਸ ਦੇ ਘਰ ਵੀ 2 ਮਹੀਨਿਆਂ ਬਾਅਦ ਖ਼ੁਸ਼ੀ ਆਉਣੀ ਸੀ ਪਰ ਹਾਦਸੇ ਨੇ ਉਨ੍ਹਾਂ ਦੀਆਂ ਖ਼ੁਸ਼ੀਆਂ ਨੂੰ ਵੀ ਫਿੱਕਾ ਕਰ ਦਿੱਤਾ। ਨੌਜੁਆਨਾਂ ਦੀ ਮੌਤ ਤੋਂ ਬਾਅਦ ਪਿੰਡ ਵਿਚ ਸੋਗ ਦੀ ਲਹਿਰ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-