ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ 3 ਵਿਦਿਆਰਥਣਾਂ ਨੂੰ ਮਿਲਿਆ ਕੌਮੀ ਐਵਾਰਡ
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ.) ਦੇ ਮਾਈਕਰੋਬਾਇਓਲੋਜੀ ਵਿਭਾਗ ਦੀਆਂ ਤਿੰਨ ਵਿਦਿਆਰਥਣਾਂ ਪ੍ਰੀਤੀਮਾਨ ਕੌਰ, ਰੀਆ ਬਾਂਸਲ ਅਤੇ ਸਵਾਤੀ ਪਾਂਡੇ ਨੂੰ ‘ਰਾਸ਼ਟਰੀ ਬਾਇਓਟੈਕ ਯੂਥ ਐਵਾਰਡ, 2023’ ਨਾਲ ਸਨਮਾਨਤ ਕੀਤਾ ਗਿਆ ਹੈ।
ਇਹ ਪੁਰਸਕਾਰ ਮਾਈਕ੍ਰੋਬਾਇਓਲੋਜਿਸਟਸ ਸੋਸਾਇਟੀ ਆਫ਼ ਇੰਡੀਆ (ਐਮ.ਬੀ.ਐਸ.ਆਈ.) ਵਲੋਂ ਮਹਾਰਾਸ਼ਟਰ ‘ਚ 20 ਅਤੇ 21 ਮਈ ਨੂੰ ਕਰਵਾਏ ਗਏ ‘ਇੰਡਸਟਰੀ-ਅਕੈਡਮੀਆ ਮੀਟ ਫ਼ਾਰ ਸਟੂਡੈਂਟਸ ਐਂਡ ਅਰਬਨ ਇੰਡੀਆ ਆਨਬਾਇਓਮੇਕ ਇਨ ਇੰਡੀਆ’ ‘ਤੇ ਦੋ-ਰੋਜ਼ਾ ਰਾਸ਼ਟਰੀ ਪੱਧਰ ਦੇ ਵਿਦਿਆਰਥੀ ਸੰਮੇਲਨ ਦੌਰਾਨ ਦਿਤਾ ਗਿਆ। ਕਾਨਫ਼ਰੰਸ ਵਿਚ, ਮਾਈਕ੍ਰੋਬਾਇਓਲੋਜੀ ਜਾਂ ਬਾਇਓਟੈਕਨਾਲੋਜੀ ਵਿਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਲਈ ਵੱਖ-ਵੱਖ ਸੂਬਿਆਂ ਤੋਂ 40 ਪੁਰਸਕਾਰ ਜੇਤੂਆਂ ਦੀ ਚੋਣ ਕੀਤੀ ਗਈ, ਜਿਨ੍ਹਾਂ ਵਿਚ ਤਿੰਨ ਵਿਦਿਆਰਥਣਾਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸ਼ਾਮਲ ਹਨ।ਜਾਣਕਾਰੀ ਅਨੁਸਾਰ ਪ੍ਰੀਤੀਮਾਨ ਕੌਰ ਨੂੰ ਉਸ ਦੇ ਐਮ.ਐਸ.ਸੀ. ਪ੍ਰੋਜੈਕਟ ‘ਬਾਇਓਸੋਰਪਸ਼ਨ ਆਫ਼ ਇਲੈਕਟ੍ਰਾਨਿਕ ਵੇਸਟ ਥਰੂ ਮਾਈਕਰੋਬਾਇਲ ਕਲਚਰ: ਏ ਬਾਇਓਰੀਮੀਡੀਏਸ਼ਨ ਟੈਕਨਾਲੋਜੀ’ ਲਈ ਇਹ ਪੁਰਸਕਾਰ ਮਿਲਿਆ ਹੈ ਜਿਸ ਨੂੰ ਪ੍ਰੀਤੀਮਾਨ ਨੇ ਡਾ : ਸ਼ਿਵਾਨੀ ਸ਼ਰਮਾ, ਮਾਈਕੋਲੋਜਿਸਟ (ਮਸ਼ਰੂਮਜ਼) ਦੀ ਅਗਵਾਈ ਹੇਠ ਪੂਰਾ ਕੀਤਾ। ਰੀਆ ਬਾਂਸਲ ਨੂੰ ਆਲੂ ਲਈ ਤਰਲ ਪੀ.ਐਸ.ਬੀ. ਬਾਇਓਫਰਟੀਲਾਈਜ਼ਰ ਦੇ ਵਿਕਾਸ ‘ਤੇ ਕੇਂਦਰਿਤ ਉਸ ਦੀ ਡਾਕਟਰੇਟ ਖੋਜ ਲਈ ਸਨਮਾਨਤ ਕੀਤਾ ਗਿਆ।ਰੀਆ ਨੇ ਅਪਣੀ ਇਹ ਖੋਜ ਡਾ: ਪ੍ਰਤਿਭਾ ਵਿਆਸ, ਸਹਾਇਕ ਪ੍ਰੋਫੈਸਰ (ਮਾਈਕ੍ਰੋਬਾਇਓਲੋਜੀ) ਦੀ ਅਗਵਾਈ ਹੇਠ ਕੀਤੀ ਹੈ।
ਇਸ ਤੋਂ ਇਲਾਵਾ ਯੂਨੀਵਰਸਿਟੀ ਦੀ ਤੀਜੀ ਵਿਦਿਆਰਥਣ ਸਵਾਤੀ ਪਾਂਡੇ ਨੂੰ ਡਾਕਟਰ ਕੇਸ਼ਾਨੀ ਦੇ ਮਾਰਗਦਰਸ਼ਨ ਹੇਠ, ‘ਵੈਲੋਰਾਈਜ਼ੇਸ਼ਨ ਆਫ਼ ਬਰੂਅਰਜ਼ ਸਪੈਂਡ ਗ੍ਰੇਨ ਟੂ ਅਰਾਬਿਨੋਕਸੀਲਾਨਜ਼ ਅਤੇ ਇਕ ਨੋਵਲ ਸਿੰਬਾਇਓਟਿਕ ਸਪਲੀਮੈਂਟ’ ਲਈ ਡਾਕਟਰੇਟ ਖੋਜ ਪ੍ਰਾਜੈਕਟ ਲਈ ਇਸ ਕੌਮੀ ਪੁਰਸਕਾਰ ਨਾਲ ਸਨਮਾਨਤ ਕੀਤਾ ਗਿਆ ਹੈ।