ਭਾਰਤ

ਯੂ.ਪੀ. ਪੁਲਿਸ ’ਤੇ ਫਿਰ ਉੱਠੇ ਸਵਾਲ : ਅਦਾਲਤ ’ਚ ਗੈਂਗਸਟਰ ਦਾ ਗੋਲੀਆਂ ਮਾਰ ਕੇ ਕਤਲ

ਲਖਨਊ: ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਦੀ ਇਕ ਅਦਾਲਤ ’ਚ ਬਦਨਾਮ ਗੈਂਗਸਟਰ ਸੰਜੀਵ ਮਹੇਸ਼ਵਰੀ ਉਰਫ਼ ਜੀਵਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਉਸ ਤੋਂ ਇਲਾਵਾ ਦੋ ਹੋਰ ਜਣੇ ਗੋਲੀਆਂ ਲੱਗਣ ਕਰਕ ਜ਼ਖ਼ਮੀ ਹੋ ਗਏ। ਜ਼ਖ਼ਮੀ ਹੋਣ ਵਾਲਿਆਂ ’ਚ ਇਕ ਪੁਲਿਸ ਮੁਲਾਜ਼ਮ ਅਤੇ ਇਕ 12 ਸਾਲਾਂ ਦੀ ਬੱਚੀ ਸ਼ਾਮਲ ਹਨ।

ਹਮਲਾਵਰ ਵਕੀਲ ਦੇ ਭੇਸ ’ਚ ਅਦਾਲਤ ਆਏ ਸਨ। ਮੌਕੇ ਤੋਂ ਇਕ ਹਮਲਾਵਰ ਨੂੰ ਫੜ ਲਿਆ ਗਿਆ ਹੈ ਅਤੇ ਦੂਜਾ ਫਰਾਰ ਹੈ।

ਜ਼ਿਕਰਯੋਗ ਹੈ ਕਿ ਅਦਾਲਤ ’ਚ ਇਸ ਕਤਲ ਨਾਲ ਯੂ.ਪੀ. ਅੰਦਰ ਕਾਨੂੰਨ ਵਿਵਸਥਾ ਨੂੰ ਮੁੜ ਚੁਨੌਤੀ ਮਿਲੀ ਹੈ। ਪਿਛਲੇ ਮਹੀਨੇ ਬਦਮਾਸ਼ ਤੋਂ ਸਿਆਸਤਦਾਨ ਬਣੇ ਅਤੀਕ ਅਹਿਮਦ ਅਤੇ ਉਸ ਦੇ ਭਰਾ ਅਸ਼ਰਫ਼ ਅਲੀ ਨੂੰ ਵੀ ਪੁਲਿਸ ਸਾਹਮਣੇ ਸੜਕ ’ਤੇ ਗੋਲੀ ਮਾਰ ਕੇ ਕਤਲ ਕਰ ਦਿਤਾ ਗਿਆ ਸੀ ਜਦੋਂ ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਅਤੀਕ ਦੇ ਕਤਲ ਲਈ ਵੀ ਹਮਲਾਵਰ ਪੱਤਰਕਾਰਾਂ ਦਾ ਭੇਸ ਬਦਲ ਕੇ ਆਏ ਸਨ। ਅੱਜ ਦੇ ਮਾਮਲੇ ’ਚ ਹਮਲਾਵਰ ਵਕੀਲ  ਦੇ ਭੇਸ ’ਚ ਪੁੱਜੇ ਸਨ।

ਸੰਜੀਵ ਜੀਵਾ ਮੁਖਤਾਰ ਅੰਸਾਰੀ ਅਤੇ ਮੁੰਨਾ ਬਜਰੰਗੀ ਗੈਂਗ ਨਾਲ ਜੁੜਿਆ ਸੀ। ਵਿਧਾਇਕ ਕ੍ਰਿਸ਼ਣਾਨੰਦ ਰਾਏ ਅਤ ਬ੍ਰਹਮਦੱਤ ਦਿਵੇਦੀ ਦੇ ਕਤਲ ’ਚ ਸੰਜੀਵ ਜੀਵਾ ਦਾ ਨਾਂ ਆਇਆ ਸੀ। ਹਾਲਾਂਕਿ ਉਹ ਕ੍ਰਿਸ਼ਣਾਨੰਦ ਰਾਏ ਦੇ ਕਤਲ ’ਚ ਬਰੀ ਹੋ ਗਿਆ ਸੀ। ਸੰਜੀਵ ਨੂੰ ਪਛਮੀ ਯੂ.ਪੀ. ਦਾ ਸਭ ਤੋਂ ਖੂੰਖਾਰ ਮੁਜਰਮ ਦਸਿਆ ਜਾਂਦਾ ਹੈ।

ਉਸ ਨੂੰ ਕੁਝ ਦਿਨਾਂ ਤੋਂ ਲਖਨਊ ਦੀ ਜੇਲ ’ਚ ਰਖਿਆ ਗਿਆ ਸੀ। ਇੱਥੇ ਇਕ ਮਾਮਲੇ ’ਚ ਪੇਸ਼ੀ ਲਈ ਲਿਆਂਦਾ ਗਿਆ ਸੀ। ਮੁੰਨਾ ਬਜਰੰਗੀ ਦੇ ਕਤਲ ਤੋਂ ਬਾਅਦ ਤੋਂ ਹੀ ਸੰਜੀਵ ਮਹੇਸ਼ਵਰੀ ਨੇ ਅਪਣੀ ਜਾਨ ਨੂੰ ਖ਼ਤਰਾ ਦਸਿਆ ਸੀ।

ਇਸ ਖ਼ਬਰ ਬਾਰੇ ਕੁਮੈਂਟ ਕਰੋ-