ਫ਼ੁਟਕਲ

ਇਮਰਾਨ ਖ਼ਾਨ ਵਿਰੁਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਵਾਉਣ ਵਾਲੇ ਵਕੀਲ ਦਾ ਕਤਲ

ਕਰਾਚੀ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵਿਰੁਧ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਵਾਉਣ ਵਾਲੇ ਇਕ ਸੀਨੀਅਰ ਪਾਕਿਸਤਾਨੀ ਵਕੀਲ ਦਾ ਅਣਪਛਾਤੇ ਹਥਿਆਰਬੰਦ ਲੋਕਾਂ ਨੇ ਬਲੂਚਿਸਤਾਨ ਸੂਬੇ ਅੰਦਰ ਉਸ ਸਮੇਂ ਗੋਲੀ ਮਾਰ ਕੇ ਕਤਲ ਕਰ ਦਿਤਾ ਜਦੋਂ ਉਹ ਅਦਾਲਤ ਜਾ ਰਹੇ ਸਨ।

ਪੁਲਿਸ ਨੇ ਕਿਹਾ ਕਿ ਪਾਕਿਸਤਾਨ ਸੁਪਰੀਮ ਕੋਰਟ ਦੇ ਇਕ ਵਕੀਲ ਅਬਦੁਲ ਰੱਜ਼ਾਕ ਸ਼ਾਰ ਦਾ ਮੰਗਲਵਾਰ ਨੂੰ ਕਵੇਟਾ ਦੀ ਹਵਾਈ ਅੱਡਾ ਸੜਕ ’ਤੇ ਅਣਪਛਾਤੇ ਹਮਲਾਵਰਾਂ ਦੀ ਗੋਲੀਬਾਰੀ ’ਚ ਮੌਤ ਹੋ ਗਈ।

ਉਨ੍ਹਾਂ ਕਿਹਾ ਕਿ ਗੋਲੀ ਲੱਗਣ ਤੋਂ ਬਾਅਦ ਵਕੀਲ ਨੂੰ ਤੁਰਤ ਕਵੇਟਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ, ਪਰ ਰਸਤੇ ’ਚ ਹੀ ਉਸ ਨੇ ਦਮ ਤੋੜ ਦਿਤਾ।  ਸ਼ਾਰ ਨੂੰ 16 ਗੋਲੀਆਂ ਲੱਗੀਆਂ ਸਨ।

ਤਿੰਨ ਮੋਟਰਸਾਈਕਲਾਂ ’ਤੇ ਸਵਾਰ ਛੇ ਅਣਪਛਾਤੇ ਲੋਕਾਂ ਨੇ ਸ਼ਾਰ ’ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਇਕ ਮਾਮਲੇ ਦੇ ਸਿਲਸਿਲੇ ’ਚ ਅਪਣੀ ਗੱਡੀ ’ਤੇ ਸੁਪਰੀਮ ਕੋਰਟ ਜਾ ਰਹੇ ਸਨ।

ਪ੍ਰਧਾਨ ਮੰਤਰੀ ਦੇ ਵਿਸ਼ੇਸ਼ ਸਹਾਇਕ (ਐਸ.ਏ.ਪੀ.ਐਮ.) ਅਤਾਉੱਲਾ ਤਰਾਰ ਨੇ ਕਤਲ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਸ਼ਾਰ ਬਲੂਚਿਸਤਾਨ ਹਾਈ ਕੋਰਟ ’ਚ ਵਿਰੋਧੀ ਆਗੂ ਇਮਰਾਨ ਖ਼ਾਨ ਵਿਰੁਧ ਦੇਸ਼ਧ੍ਰੋਹ ਦੇ ਤਹਿਤ ਮੁਕੱਦਮਾ ਚਲਾਉਣ ਦੀ ਅਪੀਲ ਦਾਇਰ ਕੀਤੀ ਸੀ। ਉਨ੍ਹਾਂ ਦੋਸ਼ ਲਾਇਆ ਕਿ ਇਸੇ ਕਰਕੇ ਉਨ੍ਹਾਂ ਦਾ ਕਤਲ ਕੀਤਾ ਗਿਆ।

ਇਸ ਖ਼ਬਰ ਬਾਰੇ ਕੁਮੈਂਟ ਕਰੋ-