ਬੋਰਵੈੱਲ ‘ਚ ਡਿੱਗੀ 3 ਸਾਲਾ ਬੱਚੀ ਦੀ ਮੌਤ
ਸਿਹੋਰ: ਮੱਧ ਪ੍ਰਦੇਸ਼ ਦੇ ਸਿਹੋਰ ਦੇ ਮੁੰਗਾਵਲੀ ਪਿੰਡ ‘ਚ ਬੋਰਵੈੱਲ ‘ਚ ਡਿੱਗੀ ਬੱਚੀ ਜ਼ਿੰਦਗੀ ਦੀ ਲੜਾਈ ਹਾਰ ਗਈ। 3 ਸਾਲਾ ਸ੍ਰਿਸ਼ਟੀ ਨੂੰ ਕਰੀਬ 52 ਘੰਟਿਆਂ ਬਾਅਦ ਬੋਰਵੈੱਲ ਤੋਂ ਬਾਹਰ ਕੱਢਿਆ ਗਿਆ। ਬਚਾਅ ਟੀਮ ਨੇ ਉਸ ਨੂੰ ਰੋਬੋਟਿਕ ਤਕਨੀਕ ਨਾਲ ਬਾਹਰ ਕੱਢਿਆ।
ਬੱਚੀ ਚ ਕੋਈ ਹੱਲ-ਚੱਲ ਨਹੀਂ ਹੋ ਰਹੀ ਸੀ। ਬੱਚੀ ਨੂੰ ਐਂਬੂਲੈਂਸ ਰਾਹੀਂ ਸਿੱਧੇ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਲਿਜਾਇਆ ਗਿਆ। ਬੱਚੀ 150 ਫੁੱਟ ਦੀ ਡੂੰਘਾਈ ‘ਚ ਫਸੀ ਹੋਈ ਸੀ। ਰੋਬੋਟ ਟੀਮ ਦੇ ਇੰਚਾਰਜ ਮਹੇਸ਼ ਅਹੀਰ ਨੇ ਦਸਿਆ ਕਿ ਜਦੋਂ ਬੱਚੀ ਨੂੰ ਬਾਹਰ ਕੱਢਿਆ ਗਿਆ ਤਾਂ ਉਹ ਬੇਹੋਸ਼ ਸੀ। ਉਹ ਕਿਸੇ ਤਰ੍ਹਾਂ ਦੇ ਜਵਾਬ ਨਹੀਂ ਦੇ ਰਹੀ ਸੀ।
ਅਸੀਂ ਆਰਮੀ, ਐਨਡੀਆਰਐਫ ਦੀ ਮਦਦ ਨਾਲ ਰੋਬੋਟ ਦੇ ਡੇਟਾ ਨਾਲ ਪੂਰਾ ਬਚਾਅ ਕੀਤਾ ਹੈ। ਜਿਵੇਂ ਹੀ ਬੱਚੀ ਬਾਹਰ ਆਈ ਤਾਂ ਡਾਕਟਰ ਬੱਚੀ ਨੂੰ ਚੁੱਕ ਕੇ ਐਂਬੂਲੈਂਸ ‘ਚ ਬਿਠਾ ਕੇ ਹਸਪਤਾਲ ਲਈ ਰਵਾਨਾ ਹੋ ਗਏ। 3 ਸਾਲਾ ਸ੍ਰਿਸ਼ਟੀ ਮੰਗਲਵਾਰ ਦੁਪਹਿਰ ਕਰੀਬ ਇਕ ਵਜੇ ਖੇਡਦੇ ਹੋਏ ਖੇਤ ਵਿਚ ਬਣੇ ਬੋਰ ਵਿਚ ਡਿੱਗ ਗਈ ਸੀ। ਉਸ ਸਮੇਂ ਉਹ 29 ਫੁੱਟ ਡੂੰਘਾਈ ‘ਤੇ ਫਸ ਗਈ ਸੀ ਪਰ ਬਚਾਅ ਦੌਰਾਨ ਖੁਦਾਈ ਦੀ ਵਾਈਬ੍ਰੇਸ਼ਨ ਕਾਰਨ ਉਹ ਹੇਠਾਂ ਖਿਸਕਦੀ ਰਹੀ।