ਦੇਸ਼-ਵਿਦੇਸ਼

ਅਫ਼ਗਾਨਿਸਤਾਨ : ਵਿਆਹ ਸਮਾਗਮ ਤੋਂ ਪਰਤ ਰਹੇ ਪ੍ਰਵਾਰ ਨਾਲ ਵਾਪਰਿਆ ਹਾਦਸਾ, ਡੂੰਘੀ ਖੱਡ ’ਚ ਡਿੱਗੀ ਬੱਸ

ਕਾਬੁਲ :  ਉੱਤਰੀ ਅਫਗਾਨਿਸਤਾਨ ਵਿਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਇੱਥੇ ਇੱਕ ਮਿੰਨੀ ਬੱਸ ਹਾਦਸੇ ਵਿਚ 9 ਬੱਚਿਆਂ ਅਤੇ 12 ਔਰਤਾਂ ਸਮੇਤ 25 ਲੋਕਾਂ ਦੀ ਮੌਤ ਹੋ ਗਈ ਹੈ। ਪੁਲਿਸ ਮੁਤਾਬਕ ਇਹ ਹਾਦਸਾ ਸਰ-ਏ-ਪੁਲ ਸੂਬੇ ਦੇ ਇਕ ਪਹਾੜੀ ਇਲਾਕੇ ‘ਚ ਵਾਪਰਿਆ, ਜਿੱਥੇ ਯਾਤਰੀ ਇਕ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਉਹ ਸੱਯਦ ਜ਼ਿਲ੍ਹੇ ਦੇ ਇੱਕ ਹਿੱਸੇ ਤੋਂ ਦੂਜੇ ਹਿੱਸੇ ਨੂੰ ਜਾ ਰਹੇ ਸਨ।

ਸਥਾਨਕ ਪੁਲਿਸ ਕਮਾਂਡਰ ਦੇ ਬੁਲਾਰੇ ਦੀਨ ਮੁਹੰਮਦ ਨਜ਼ਾਰੀ ਨੇ ਹਾਦਸੇ ਲਈ ਮਿੰਨੀ ਬੱਸ ਡਰਾਈਵਰ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦਸਿਆ ਕਿ ਡਰਾਈਵਰ ਦੀ ਲਾਪਰਵਾਹੀ ਕਾਰਨ ਮਿੰਨੀ ਬੱਸ ਡੂੰਘੀ ਖੱਡ ਵਿਚ ਜਾ ਡਿੱਗੀ। ਨਾਜ਼ਰੀ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕੀ ਹਾਦਸੇ ਵਿੱਚ ਕੋਈ ਬਚਿਆ ਹੈ ਜਾਂ ਨਹੀਂ।

ਜ਼ਿਕਰਯੋਗ ਹੈ ਕਿ ਅਫਗਾਨਿਸਤਾਨ ਵਿਚ ਟ੍ਰੈਫਿਕ ਹਾਦਸੇ ਆਮ ਹਨ। ਮੁੱਖ ਤੌਰ ‘ਤੇ ਸੜਕਾਂ ਦੀ ਮਾੜੀ ਹਾਲਤ ਅਤੇ ਹਾਈਵੇਅ ‘ਤੇ ਵਾਹਨ ਚਾਲਕਾਂ ਦੀ ਲਾਪ੍ਰਵਾਹੀ ਕਾਰਨ ਇੱਥੇ ਰੋਜ਼ਾਨਾ ਹਾਦਸੇ ਵਾਪਰਦੇ ਰਹਿੰਦੇ ਹਨ।

ਦੂਜੇ ਪਾਸੇ ਤਾਲਿਬਾਨ ਵਿਚ ਸੁਰੱਖਿਆ ਵਿਵਸਥਾ ਅਜੇ ਵੀ ਉਹੀ ਹੈ। ਬੀਤੇ ਦਿਨ ਬਦਖ਼ਸ਼ਾਨ ਸੂਬੇ ਦੇ ਤਾਲਿਬਾਨ ਦੇ ਕਾਰਜਕਾਰੀ ਡਿਪਟੀ ਗਵਰਨਰ ਮੌਲਵੀ ਨਿਸਾਰ ਅਹਿਮਦ ਅਹਿਮਦੀ ਇੱਕ ਬੰਬ ਧਮਾਕੇ ਵਿਚ ਮਾਰੇ ਗਏ ਸਨ। ਇਹ ਘਟਨਾ ਸੂਬਾਈ ਰਾਜਧਾਨੀ ਫੈਜ਼ਾਬਾਦ ਦੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-