ਪੰਜਾਬ

ਵੜਿੰਗ ਕਸੂਤੀ ਹਾਲਤ ’ਚ ਫਸਿਆ

ਅਮਰੀਕਾ/ ਜਲੰਧਰ : ਅਮਰੀਕਾ ਫੇਰੀ ‘ਤੇ ਗਏ ਰਾਜਾ ਵੜਿੰਗ ਦੀਆਂ ਮੁਸ਼ਕਿਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਪਿਛਲੇ ਦਿਨੀਂ ਨਿਊਯਾਰਕ ਵਿਖੇ ਸੜਕ ਵਿਚਕਾਰ ਸਿੱਖ ਜਥੇਬੰਦੀਆਂ ਵੱਲੋਂ ਕੀਤੇ ਗਏ ਵਿਰੋਧ ਮਗਰੋਂ ਹੁਣ ਰਾਜਾ ਵੜਿੰਗ ਨੂੰ ਲੈ ਕੇ ਇਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਰਾਜਾ ਵੜਿੰਗ ਨੂੰ ਰਾਹੁਲ ਗਾਂਧੀ ਵੀ ਪੱਲਾ ਨਹੀਂ ਫੜਾ ਰਹੇ ਤੇ ਉਨ੍ਹਾਂ ਤੋਂ ਦੂਰੀ ਬਣਾਈ ਰੱਖਣ ਨੂੰ ਤਰਜ਼ੀਹ ਦੇ ਰਹੇ ਹਨ। ਸੂਤਰਾਂ ਦੀ ਮੰਨੀਏ ਤਾਂ ਰਾਹੁਲ ਗਾਂਧੀ ਨੇ ਰਾਜਾ ਵੜਿੰਗ ਦੇ ਹੋਏ ਵਿਰੋਧ ਵੱਲ ਵੇਖ ਕੇ ਵੜਿੰਗ ਨੂੰ ਵਾਪਿਸ ਪੰਜਾਬ ਪਰਤਣ ਦੇ ਹੁਕਮ ਵੀ ਸੁਣਾ ਦਿੱਤੇ ਸਨ ਕਿਉਂਕਿ ਉਹ ਨਹੀਂ ਚਾਹੁੰਦੇ ਸਨ ਕਿ ਵੜਿੰਗ ਦੇ ਕਾਰਨ ਉਨ੍ਹਾਂ ਦਾ ਵੀ ਅਮਰੀਕਾ ਵੱਸਦੇ ਪੰਜਾਬੀ ਭਾਈਚਾਰੇ ਵੱਲੋਂ ਵਿਰੋਧ ਕੀਤਾ ਜਾਵੇ।

ਕਾਂਗਰਸ ਦੇ ਰਾਸ਼ਟਰੀ ਆਗੂ ਰਾਹੁਲ ਗਾਂਧੀ ਦੇ ਪਿੱਛੇ-ਪਿੱਛੇ ਨਿਊਯਾਰਕ ਪੁੱਜੇ ਰਾਜਾ ਵੜਿੰਗ ਦਾ ਉੱਥੇ ਦੀਆਂ ਸੜਕਾਂ ’ਤੇ ਚੱਲਣਾ ਔਖਾ ਹੋਇਆ ਪਿਆ ਹੈ। ਜਾਣਕਾਰੀ ਇਹ ਵੀ ਮਿਲੀ ਹੈ ਕਿ ਰਾਜਾ ਵੜਿੰਗ ਵਿਰੋਧ ਨੂੰ ਵੇਖਦੇ ਹੋਏ ਵੱਡੀਆਂ ਸੜਕਾਂ ਨੂੰ ਛੱਡ ਕੇ ਛੋਟੀਆਂ ਗਲੀਆਂ ਦੇ ਵਿੱਚੋਂ ਦੀ ਹੋ ਕੇ ਉਨ੍ਹਾਂ ਥਾਵਾਂ ‘ਤੇ ਜਾ ਰਹੇ ਹਨ ਜਿੱਥੇ ਉਨ੍ਹਾਂ ਦੇ ਕੁਝ ਸਮਰਥਕ ਮੌਜੂਦ ਹਨ।

ਦੱਸ ਦਈਏ ਕਿ ਕੁਝ ਦਿਨ ਪਹਿਲਾਂ ਰਾਜਾ ਵੜਿੰਗ ਜਦੋਂ ਕਾਰ ਵਿੱਚ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਤਾਂ ਕੁਝ ਸਿੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਪਰ ਉਹ ਮੌਕੇ ਤੋਂ ਗੱਡੀ ਭਜਾ ਕੇ ਲਿਜਾਣ ਵਿੱਚ ਕਾਮਯਾਬ ਰਹੇ। ਬਾਅਦ ਵਿੱਚ ਸ਼ੋਸ਼ਲ ਮੀਡੀਆ ਰਾਹੀਂ ਵੜਿੰਗ ਨੇ ਉਨ੍ਹਾਂ ਲੋਕਾਂ ਨੂੰ ਖ਼ਰੀਆਂ-ਖ਼ਰੀਆਂ ਵੀ ਸੁਣਾਈਆਂ ਸਨ ਜੋ ਉਸ ਦਾ ਵਿਰੋਧ ਕਰ ਰਹੇ ਹਨ। ਹਾਲਾਂਕਿ ਹੁਣ ਇਹ ਮੰਨਿਆ ਜਾ ਰਿਹਾ ਹੈ ਕਿ ਰਾਜਾ ਵੜਿੰਗ ਲਈ ਅਮਰੀਕਾ ਵਿੱਚ ਉਸ ਦਾ ਵਿਰੋਧ ਕਰਨ ਵਾਲਿਆਂ ਨੂੰ ਸੋਸ਼ਲ ਮੀਡੀਆ ਰਾਹੀਂ ਚੁਣੌਤੀ ਦੇਣਾ ਮਹਿੰਗਾ ਸਾਬਤ ਹੋ ਰਿਹਾ ਹੈ। ਪੰਜਾਬੀ ਭਾਈਚਾਰੇ ਵਿੱਚ ਰੋਸ ਪਹਿਲਾਂ ਨਾਲੋਂ ਵੀ ਵਧ ਗਿਆ ਹੈ। ਸਿੱਖ ਜਥੇਬੰਦੀਆਂ ਨੂੰ ਰਾਜੇ ਵੜਿੰਗ ਦੇ ਪੁੱਜਣ ਦੀ ਸੂਚਨਾ ਮਿਲਦੀ ਹੈ ਤਾਂ ਉਹ ਵੱਧ ਤੋਂ ਵੱਧ ਉਸ ਦਾ ਵਿਰੋਧ ਕਰਨ ਲਈ ਪੁੱਜ ਜਾਂਦੇ ਹਨ। ਹਾਲਾਤ ਇਹ ਬਣ ਗਏ ਹਨ ਕਿ ਜਿਨ੍ਹਾਂ ਕਾਂਗਰਸੀਆਂ ਨੇ ਰਾਜਾ ਵੜਿੰਗ ਦੀ ਪ੍ਰਾਹੁਣਚਾਰੀ ਕਰਨੀ ਹੈ ਜਾਂ ਕਰ ਰਹੇ ਹਨ ਉਹ ਵੀ ਵੜਿੰਗ ਨੂੰ ਹਨੇਰੇ-ਸਵੇਰੇ ਹੀ ਆਪਣੇ ਘਰ ਦੇ ਅੰਦਰ ਵਾੜ ਰਹੇ ਹਨ ਤਾਂ ਜੋ ਕਿਸੇ ਗੁਆਂਢੀ ਨੂੰ ਇਸ ਦੀ ਖ਼ਬਰ ਨਾ ਲੱਗ ਸਕੇ।

ਇਸ ਖ਼ਬਰ ਬਾਰੇ ਕੁਮੈਂਟ ਕਰੋ-