ਮੇਰੇ ਕੋਰਟ ਮਾਰਸ਼ਲ ਦੀਆਂ ਤਿਆਰੀਆਂ ਮੁਕੰਮਲ: ਇਮਰਾਨ
ਇਸਲਾਮਾਬਾਦ: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਉਨ੍ਹਾਂ ਦੇ ‘ਕੋਰਟ ਮਾਰਸ਼ਲ’ ਲਈ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਇਮਰਾਨ ਦੀ ਇਹ ਟਿੱਪਣੀ ਦੇਸ਼ ਦੀ ਸ਼ਕਤੀਸ਼ਾਲੀ ਫੌਜ ਦੇ ਉਸ ਬਿਆਨ ਤੋਂ ਬਾਅਦ ਆਈ ਹੈ ਜਿਸ ਵਿੱਚ ਉਸ ਨੇ ਕਿਹਾ ਸੀ ਕਿ 9 ਮਈ ਨੂੰ ਹੋਈ ਹਿੰਸਾ ਦੇ ‘ਸਾਜ਼ਿਸਘਾੜਿਆਂ’ ਖ਼ਿਲਾਫ਼ ਫੌਜੀ ਅਦਾਲਤਾਂ ਵਿੱਚ ਮੁਕੱਦਮਾ ਚਲਾਇਆ ਜਾਵੇਗਾ। ਇਮਰਾਨ ਵੀਰਵਾਰ ਨੂੰ ਦਸ ਵੱਖ ਵੱਖ ਮਾਮਲਿਆਂ ਸਬੰਧੀ ਇਸਲਾਮਾਬਾਦ ਹਾਈ ਕੋਰਟ ਸਾਹਮਣੇ ਪੇਸ਼ ਹੋਣ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀਟੀਆਈ) ਦੇ ਮੁਖੀ ਇਮਰਾਨ (70) ਨੇ ਕਿਹਾ ਕਿ ਉਨ੍ਹਾਂ ਨੂੰ ਪਤਾ ਸੀ ਕਿ ਫ਼ੌਜੀ ਅਦਾਲਤ ਵਿੱਚ ਉਨ੍ਹਾਂ ਖ਼ਿਲਾਫ਼ ਮੁਕੱਦਮਾ ਚਲਾਇਆ ਜਾਵੇਗਾ। ਉਨ੍ਹਾਂ ਨੇ ਫੌਜੀ ਅਦਾਲਤ ਵਿੱਚ ਇੱਕ ਗ਼ੈਰ-ਫੌਜੀ ਦੀ ਸੁਣਵਾਈ ਨੂੰ ਪਾਕਿਸਤਾਨ ਵਿੱਚ ‘ਲੋਕਤੰਤਰ ਦਾ ਅੰਤ’ ਅਤੇ ‘ਨਿਆਂ ਦਾ ਅੰਤ’ ਕਰਾਰ ਦਿੱਤਾ।