ਮੈਗਜ਼ੀਨ

ਕੁਦਰਤ ਦੀ ਅਦਭੁੱਤ ਕਲਾਕ੍ਰਿਤ ਥ੍ਰੀ ਸਿਸਟਰਜ਼

ਮਾਸਟਰ ਲਖਵਿੰਦਰ ਸਿੰਘ ਰਈਆ

ਧਰਤੀ ਉੱਤੇ ਮੈਦਾਨ, ਪਹਾੜ, ਖੱਡਾਂ, ਘਾਟੀਆਂ, ਝਰਨੇ, ਦਰਿਆ, ਨਦੀਆਂ, ਨਾਲੇ, ਜੰਗਲ ਅਨੇਕਾਂ ਜੀਵ-ਜੰਤੂਆਂ ਤੇ ਬਨਸਪਤੀ ਦਾ ਘਰ ਹਨ। ਹਵਾ, ਪਾਣੀ ਅਤੇ ਧੁੱਪ ਆਦਿ ਕੁਦਰਤੀ ਤੱਤ ਕੁਝ ਅਦਭੁੱਤ ਕਲਾਕ੍ਰਿਤਾਂ ਬਣਨ ਵਿੱਚ ਸਹਾਈ ਹੁੰਦੇ ਹਨ। ਕੁਦਰਤੀ ਸ਼ੈਆਂ ਕਈ ਵਾਰ ਆਲੇ-ਦੁਆਲੇ ਦੀ ਦਿੱਖ ਵਿੱਚ ਸੁਹਜ ਭਰਦਿਆਂ ਪਥਰੀਲੀਆਂ ਚੋਟੀਆਂ ਦੀ ਵੀ ਦੰਗ ਕਰ ਦੇਣ ਵਾਲੀ ਘਾੜਤ ਘੜ ਦਿੰਦੀਆਂ ਹਨ। ਅਜਿਹਾ ਹੀ ਮੰਤਰਮੁਗਧ ਕਰਨ ਵਾਲਾ ਕੁਦਰਤੀ ਦ੍ਰਿਸ਼ ਵੇਖਣ ਨੂੰ ਮਿਲਦਾ ਹੈ ਥਰੀ ਸਿਸਟਰਜ਼ (ਤਿੰਨ ਭੈਣਾਂ) ਬਲੂ ਮਾਊਂਟੇਨਜ਼ ਦੇ ਪਹਾੜਾਂ ਵਿੱਚ। ਇਹ ਸਿਡਨੀ (ਆਸਟਰੇਲੀਆ) ਦੇ ਪੱਛਮ ਵਿੱਚ ਪੈਨਰਿਥ ਇਲਾਕੇ ਦੀ ਪਰਬਤ ਲੜੀ ਦਾ ਹਿੱਸਾ ਹਨ। ਇਹ ਖੇਤਰ ਸਮੁੰਦਰੀ ਪੱਧਰ ਤੋਂ ਔਸਤ 3000 ਫੁੱਟ ਦੀ ਉਚਾਈ ’ਤੇ ਹੈ। ਨੀਲੀ ਭਾਹ ਮਾਰਨ ਕਰਕੇ ਇਨ੍ਹਾਂ ਪਹਾੜਾਂ ਨੂੰ ਬਲੂ ਮਾਊਂਟੇਨਜ਼ ਨਾਮ ਦਿੱਤਾ ਗਿਆ ਹੈ। ਭੂਗੋਲਿਕ ਵਿਸ਼ਲੇਸ਼ਕ ਇਹ ਪਰਬਤ ਲੜੀ ਵੀਹ ਕਰੋੜ ਸਾਲ ਪੁਰਾਣੀ ਮੰਨਦੇ ਹਨ।

ਇਸ ਪਰਬਤ ਲੜੀ ਉੱਤੇ ਇੱਕ ਉਚੇਰੀ ਜਗਾ ਕਟੂੰਬਾ ਨਾਂ ਦਾ ਪਹਾੜੀ ਸਥਾਨ ਸੈਲਾਨੀ ਕੇਂਦਰ ਹੈ ਜਿੱਥੇ ਈਕੋ ਪੁਆਇੰਟ ਬਣਿਆ ਹੋਇਆ ਹੈ। ਇੱਥੋਂ ਇਸ ਰਮਣੀਕ ਦ੍ਰਿਸ਼ ਨੂੰ ਬਿਹਤਰ ਢੰਗ ਨਾਲ ਨਿਹਾਰਿਆ ਜਾ ਸਕਦਾ ਹੈ। ਇੱਥੋਂ ਦੂਰ ਤੱਕ ਫੈਲੀ ਵਿਸ਼ਾਲ ਤੇ ਸੰਘਣੇ ਜੰਗਲ ਨਾਲ ਢਕੀ ਘਾਟੀ ਦਿਸਦੀ ਹੈ। ਇਸ ਘਾਟੀ ਦੇ ਇੱਕ ਪਾਸੇ ਤਿੰਨ ਵੱਖ ਪਥਰੀਲੀਆਂ ਚੋਟੀਆਂ ਥੋੜ੍ਹੀ ਥੋੜ੍ਹੀ ਵਿੱਥ ’ਤੇ ਖੜ੍ਹੀਆਂ ਦਿਸਦੀਆਂ ਹਨ। ਨੀਝ ਨਾਲ ਤੱਕਣ ’ਤੇ ਇਨ੍ਹਾਂ ਉੱਤੇ ਮੁਟਿਆਰਾਂ ਦੇ ਮੂੰਹ ਮੁਹਾਂਦਰੇ ਵੀ ਉੱਭਰਦੇ ਪ੍ਰਤੀਤ ਹੁੰਦੇ ਹਨ।

ਇੱਕ ਹੋਰ ਕਾਲਪਨਿਕ ਕਥਾ ਵੀ ਪ੍ਰਚਲਿਤ ਹੈ ਕਿ ਤੈਵਾਨ ਨਾਂ ਦਾ ਜਾਦੂਗਰ ਆਪਣੀਆਂ ਤਿੰਨ ਧੀਆਂ ਮੇਹਾਨੀ, ਵਿਮਲਹ ਤੇ ਗੁਨਾਡੂ ਨਾਲ ਭੋਜਨ ਦੀ ਭਾਲ ਵਿੱਚ ਸੀ। ਇਸ ਜਗ੍ਹਾ ਪਹੁੰਚਣ ’ਤੇ ਅੱਗੇ ਇੱਕ ਡੂੰਘੀ ਖੱਡ ਸੀ। ਲਾਂਘਾ ਬੜਾ ਤੰਗ ਹੋਣ ਕਰਕੇ ਉਸ ਨੇ ਆਪਣੀਆਂ ਧੀਆਂ ਨੂੰ ਚੱਟਾਨ ਦੀ ਦੀਵਾਰ ਕੋਲ ਛੱਡ ਦਿੱਤਾ। ਸੈਂਟੀਪੀਡ (ਕੰਨਖਜੂਰੇ ਦੀ ਸ਼ਕਲ ਵਰਗੇ ਵਿਸ਼ਾਲ ਕੀੜੇ) ਨੂੰ ਵੇਖ ਕੇ ਕੁੜੀਆਂ ਡਰ ਗਈਆਂ ਤੇ ਇੱਕ ਕੁੜੀ ਨੇ ਉਸ ਕੀੜੇ ਵੱਲ ਇੱਕ ਪੱਥਰ ਵਗਾਹ ਮਾਰਿਆ ਤੇ ਉਹ ਪੱਥਰ ਰਿੜਦਾ ਰਿੜਦਾ ਬਨਿਯਪ (ਦਹਿਸ਼ਤਵਾਦੀ ਵਿਅਕਤੀ) ਨੂੰ ਜਾ ਵੱਜਿਆ। ਉਹ ਗੁੱਸੇ ਵਿੱਚ ਦਹਾੜਦਾ ਕੁੜੀਆਂ ਨੂੰ ਫੜਨ ਦੀ ਕੋਸ਼ਿਸ਼ ਕਰਨ ਲੱਗਾ ਤਾਂ ਬਚਾਅ ਲਈ ਤੈਵਾਨ ਨੇ ਜਾਦੂਹੱਡੀ (ਜਾਦੂ ਛੜੀ) ਨਾਲ ਆਪਣੀਆਂ ਤਿੰਨਾਂ ਧੀਆਂ ਨੂੰ ਪੱਥਰ ਦੀਆਂ ਮੂਰਤੀਆਂ ਅਤੇ ਆਪਣੇ ਆਪ ਨੂੰ ਲਯਰ ਬਰਡ (ਲੰਮੇ ਖੰਭਾਂ, ਲੰਮੀ ਪੂਛ ਵਾਲੇ ਪੰਛੀ) ਵਿੱਚ ਬਦਲ ਤਾਂ ਜ਼ਰੂਰ ਲਿਆ, ਪਰ ਆਪਣੀ ਜਾਦੂ ਦੀ ਛੜੀ ਗੁਆ ਲਈ। ਕਿਹਾ ਜਾਂਦਾ ਹੈ ਕਿ ਚੋਟੀਆਂ ਦੇ ਰੂਪ ਵਿੱਚ ਤਿੰਨੇ ਭੈਣਾਂ ਤੇ ਖ਼ੁਦ ਤੈਵਾਨ ਆਪਣੇ ਅਸਲੀ ਵਜੂਦ ਦੀ ਉਡੀਕ ਵਿੱਚ ਹਨ ਅਤੇ ਪੰਛੀ ਦੇ ਰੂਪ ਵਿੱਚ ਉਹੀ ਤੈਵਾਨ ਆਪਣੀ ਜਾਦੂਈ ਛੜੀ ਭਾਲ ਰਿਹਾ ਹੈ ਤਾਂ ਕਿ ਉਸ ਦੀ ਮਦਦ ਨਾਲ ਫਿਰ ਉਹ ਮਨੁੱਖੀ ਵਜੂਦ ਵਿੱਚ ਆ ਸਕਣ। ਉਸ ਪੰਛੀ ਦੀ ਦਰਦ ਭਰੀ ਹੂਕ (ਕੂਕਾਂ) ਵੀ ਮਹਿਸੂਸ ਕੀਤੀ ਜਾ ਸਕਦੀ ਹੈ। ਇੱਥੋਂ ਦੇ ਆਦਿਵਾਸੀਆਂ ਦੀਆਂ ਇਹ ਦੰਦਕਥਾਵਾਂ ਤਰਕ ਦੀ ਕਸਵੱਟੀ ’ਤੇ ਖਰੀਆਂ ਨਹੀਂ ਉਤਰਦੀਆਂ, ਪਰ ਕੁਦਰਤ ਦੀ ਇਹ ਅਨੋਖੀ ਘਾੜਤ ਕਿਸੇ ਕ੍ਰਿਸ਼ਮੇ ਤੋਂ ਘੱਟ ਨਹੀਂ।

ਇਹ ਗੁਫ਼ਾਨੁਮਾ ਚੋਟੀਆਂ 1838 ਵਿੱਚ ਉਦੋਂ ਲੱਭੀਆਂ ਜਦੋਂ ਸਮੇਂ ਦੀ ਹਕੂਮਤ ਮੂਲ ਨਿਵਾਸੀਆਂ ਦੇ ਬਾਗ਼ੀਆਂ (ਬੁਸ਼ ਰੇਂਜਰਜ਼) ਦੇ ਟੋਲਿਆਂ ਨੂੰ ਉਨ੍ਹਾਂ ਦੇ ਝਾੜੀਆਂ/ਜੰਗਲ ਬੇਲਿਆਂ ਦੀਆਂ ਛੁਪਣਗਾਹਾਂ ਤੋਂ ਫੜਨ ਦੇ ਯਤਨ ਕਰ ਰਹੀ ਸੀ। ਫਿਰ ਇਸ ਅਦਭੁੱਤ ਕੁਦਰਤੀ ਰਚਨਾ ਨੂੰ ਦਰਸ਼ਨੀ ਸਥਾਨ ਵਜੋਂ ਦੁਨੀਆਂ ਸਾਹਮਣੇ ਲਿਆਉਣ ਯਤਨ ਸ਼ੁਰੂ ਹੋਏ।

ਇਨ੍ਹਾਂ ਤਿੰਨ ਅਕ੍ਰਿਤੀਆਂ ਅਤੇ ਘਾਟੀ ਦੀ ਦਿੱਖ ਉੱਤੇ ਰਾਤ ਦੇ ਹਨੇਰੇ, ਚੰਨ ਦੀ ਚਾਨਣੀ ਤੇ ਖਿੜੇ ਦਿਨ ਦੀ ਧੁੱਪ ਜਾਂ ਬੱਦਲਾਂ ਦੀ ਲੁਕਣਮੀਟੀ ਦਾ ਕਾਫ਼ੀ ਅਸਰ ਹੁੰਦਾ ਹੈ। ਆਮ ਕਰਕੇ ਨੀਲੇ ਰੰਗ ਵਿੱਚ ਰੰਗਿਆ ਦ੍ਰਿਸ਼ ਕਦੇ ਸੁਨਹਿਰੀ, ਕਦੇ ਹਰਾ ਕਦੇ ਕਾਲਾ ਅਤੇ ਕਦੇ ਡਬ ਖੜੱਬਾ ਨਜ਼ਰ ਆਉਣ ਲੱਗਦਾ ਹੈ। ਇਹ ਕੁਦਰਤੀ ਰੰਗ ਤਿੰਨਾਂ‌ ਭੈਣਾਂ ਦੇ ਖ਼ੁਸ਼ੀ, ਗ਼ਮੀ ਦੇ ਪਲਾਂ ਦੀ ਤਰਜਮਾਨੀ ਕਰਨ ਦੇ ਪ੍ਰਤੀਕ ਵੀ ਮੰਨੇ ਜਾਂਦੇ ਹਨ।

ਕੁਦਰਤੀ ਘਾੜਤ ਵਾਲੀਆਂ ਇਨ੍ਹਾਂ ਚੋਟੀਆਂ ਦੀ ਉਚਾਈ ਕ੍ਰਮਵਾਰ 922,918 ਅਤੇ 906 ਮੀਟਰ ਹੈ। ਇਨ੍ਹਾਂ ਤਿੰਨ ਪਥਰੀਲੀ ਚੋਟੀਆਂ ਦੇ ਧੁਰ ਥੱਲੇ ਤੱਕ ਪਹੁੰਚਣ ਲਈ ਹੇਠਾਂ ਵੱਲ ਬਿਲਕੁਲ ਸਿੱਧੀਆਂ ਤੇ ਤਿੱਖੇ (ਕੂਹਣੀ) ਮੋੜ ਘੋੜ ਵਾਲੀਆਂ ਘੁਮਾਦਾਰ ਪੌੜੀਆਂ ਦੇ ਤਕਰੀਬਨ 900 ਅੱਡੇ ਬਣੇ ਹੋਏ ਹਨ ਜੋ ਪੱਥਰਾਂ ਦੀ ਕਟਾਈ ਕਰਕੇ ਅਤੇ ਕਿਤੇ ਕਿਤੇ ਲੋਹੇ ਦੀਆਂ ਪੌੜੀਆਂ ਦੀ ਮਦਦ ਲਈ ਗਈ। 80 ਮੀਟਰ ਹੇਠਾਂ ਜਾ ਕੇ ਹਨੀਮੂਨ ਬਰਿੱਜ ਵੀ ਹੈ। ਇਸ ਤੰਗ ਪੌੜੀਦਾਰ ਰਸਤੇ ਦੀ ਇਸ ਘਾਟੀ ਵਿੱਚ ਉਤਰਨ ਚੜ੍ਹਨ ਲਈ ਸੁਰੱਖਿਆ ਵਜੋਂ ਨਾਲ ਨਾਲ ਰੇਲਿੰਗ ਵੀ ਕੀਤੀ ਹੋਈ ਹੈ ਪਰ ਨਾਲ ਨਾਲ ਚਿਤਾਵਨੀ ਬੋਰਡ ਵੀ ਲੱਗੇ ਹੋਏ ਹਨ ਕਿ ਇਹ ਪੌੜੀਦਾਰ ਰਸਤਾ ਪੱਥਰ ਖਿਸਕਣ ਵਾਲਾ ਅਤਿ ਖ਼ਤਰਨਾਕ ਖੇਤਰ ਹੈ, ਸੋ ਬੜੀ ਸਾਵਧਾਨੀ ਨਾਲ ਉਤਰਿਆ/ਚੜ੍ਹਿਆ ਜਾਵੇ। ਯਾਨੀ ਸੰਭਾਵੀ ਖ਼ਤਰੇ /ਨੁਕਸਾਨ ਦੀ ਤੁਹਾਡੀ ਆਪਣੀ ਜ਼ਿੰਮੇਵਾਰੀ। ਸਿੱਧਾ ਹੇਠਾਂ ਉਤਰਨਾ ਕੁਝ ਔਖਾ ਤਾਂ ਜ਼ਰੂਰ ਹੈ ਪਰ ਉਪਰ ਨੂੰ ਚੜ੍ਹਦਿਆਂ ਜਦ ਸਾਹ ਫੁੱਲਦਾ ਹੈ ਤਾਂ ਇੱਕ ਵਾਰ ਨਾਨੀ ਚੇਤੇ ਆ ਜਾਂਦੀ ਹੈ। ਪਾਣੀ ਦਾ ਘੁੱਟ ਘੁੱਟ ਜਾਂ ਗੁਲੂਕੋਜ਼ ਯੁਕਤ ਨਿੱਕਾ ਮੋਟਾ ਖਾਣ ਪੀਣ ਖੁਸ਼ਕ ਦਮ ਨੂੰ ਟਿਕਾਣੇ ਲਿਆਉਣ ਵਿੱਚ ਸਹਾਇਕ ਹੁੰਦਾ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-