ਪੰਜਾਬਫੀਚਰਜ਼

ਕੈਨੇਡਾ ’ਚ ਦੇਸ਼ ਨਿਕਾਲੇ ਦਾ ਸਾਹਮਣਾ ਕਰ ਰਹੇ ਵਿਦਿਆਰਥੀਆਂ ਦੇ ਮਾਪਿਆਂ ਦਾ ਸਵਾਲ – ‘ਸਾਡੇ ਬੱਚਿਆਂ ਦਾ ਕੀ ਕਸੂਰ’

ਚੰਡੀਗੜ੍ਹ : ਉਚੇਰੀ ਪੜ੍ਹਾਈ ਕਰਨ ਅਤੇ ਅਪਣੀ ਚੰਗੀ ਜ਼ਿੰਦਗੀ ਬਣਾਉਣ ਲਈ ਜ਼ਿਆਦਾਤਰ ਪੰਜਾਬੀ ਨੌਜੁਆਨ ਵਿਦੇਸ਼ਾਂ ਵਿਚ ਜਾਣ ਨੂੰ ਤਰਜੀਹ ਦੇ ਰਹੇ ਹਨ। ਹਾਲ ਹੀ ਵਿਚ ਕੈਨੇਡਾ ਤੋਂ 700 ਭਾਰਤੀ ਵਿਦਿਆਰਥੀਆਂ ਨੂੰ ਦੇਸ਼ ਨਿਕਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਭਾਵੇਂ ਕਿ ਪੰਜਾਬ ਸਰਕਾਰ ਵਲੋਂ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖ ਕੇ ਕੈਨੇਡਾ ਸਰਕਾਰ ਨਾਲ ਰਾਬਤਾ ਕਾਇਮ ਕਰਨ ਅਤੇ ਵਿਦਿਆਰਥੀਆਂ ਦੇ ਮਸਲੇ ਦਾ ਹੱਲ ਕੱਢਣ ਲਈ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਬੰਧਤ ਬੱਚਿਆਂ ਦੇ ਪ੍ਰਵਾਰਾਂ ‘ਚ ਪ੍ਰੇਸ਼ਾਨੀ ਦਾ ਆਲਮ ਹੈ।

ਦੇਸ਼ ਨਿਕਲੇ ਦਾ ਸਾਹਮਣਾ ਕਰ ਰਹੇ ਬੱਚਿਆਂ ਦੇ ਮਾਪਿਆਂ ਨੇ ਅੱਜ ਇਥੇ ਇਕ ਪ੍ਰੈਸਕਾਨਫ਼ਰੰਸ ਕੀਤੀ। ਇਸ ਮੌਕੇ ਵਿਦਿਆਰਥੀ ਲਵਪ੍ਰੀਤ ਸਿੰਘ ਦੇ ਮਾਪਿਆਂ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ 6 ਸਾਲ ਪਹਿਲਾਂ ‘ਸਟੱਡੀ ਵੀਜ਼ੇ’ ‘ਤੇ ਕੈਨੇਡਾ ਗਿਆ ਸੀ। ਉਨ੍ਹਾਂ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਹੈ ਕਿ ਉਨ੍ਹਾਂ ਦੇ ਲੜਕੇ ਦੇ ਸਿੱਖਿਆ ਦਸਤਾਵੇਜ਼ ਜਾਅਲੀ ਪਾਏ ਜਾਣ ਤੋਂ ਬਾਅਦ ਹੁਣ ਉਸ ਨੂੰ ਵਾਪਸ ਭਾਰਤ ਭੇਜ ਦਿਤਾ ਜਾਵੇਗਾ। ਲਵਪ੍ਰੀਤ ਦੇ ਰਿਸ਼ਤੇਦਾਰ ਹੁਣ ਇਹੀ ਸਵਾਲ ਪੁੱਛ ਰਹੇ ਹਨ ਕਿ ਇਸ ਵਿਚ ਉਨ੍ਹਾਂ ਦੇ ਬੇਟੇ ਦਾ ਕੀ ਕਸੂਰ ਹੈ।

ਲਵਪ੍ਰੀਤ ਸਿੰਘ ਭਾਰਤ ਦੇ ਉਨ੍ਹਾਂ 700 ਵਿਦਿਆਰਥੀਆਂ ਵਿਚੋਂ ਇਕ ਹੈ, ਜਿਨ੍ਹਾਂ ਦੇ ‘ਐਡਮਿਸ਼ਨ ਆਫ਼ਰ ਲੈਟਰ’ ਫ਼ਰਜ਼ੀ ਪਾਏ ਜਾਣ ਤੋਂ ਬਾਅਦ ਕੈਨੇਡਾ ਤੋਂ ਡਿਪੋਰਟੇਸ਼ਨ ਦਾ ਸਾਹਮਣਾ ਕਰ ਰਹੇ ਹਨ। ਅਜਿਹੇ ਜ਼ਿਆਦਾਤਰ ਵਿਦਿਆਰਥੀ ਪੰਜਾਬ ਨਾਲ ਸਬੰਧਤ ਹਨ। ਇਨ੍ਹਾਂ ਵਿਚੋਂ ਜ਼ਿਆਦਾਤਰ 700 ਵਿਦਿਆਰਥੀ 2017 ਤੋਂ 2018 ਦਰਮਿਆਨ ਕੈਨੇਡਾ ਗਏ ਸਨ। ਪ੍ਰਵਾਰ ਨੇ ਦਸਿਆ ਕਿ ਲਵਪ੍ਰੀਤ ਨੂੰ 13 ਜੂਨ ਨੂੰ ਕੈਨੇਡਾ ਤੋਂ ਵਾਪਸ ਭੇਜਿਆ ਜਾਣਾ ਹੈ।

ਇਹ ਮਾਮਲਾ ਮਾਰਚ ਵਿਚ ਉਦੋਂ ਸਾਹਮਣੇ ਆਇਆ ਜਦੋਂ ਇਨ੍ਹਾਂ ਵਿਦਿਆਰਥੀਆਂ ਨੇ ਅਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੈਨੇਡਾ ਵਿਚ ਪੱਕੀ ਰਿਹਾਇਸ਼ ਲਈ ਅਪਲਾਈ ਕੀਤਾ ਅਤੇ ਕੈਨੇਡਾ ਬਾਰਡਰ ਸੁਰੱਖਿਆ ਏਜੰਸੀ (ਸੀ.ਬੀ.ਐਸ.ਏ.) ਨੂੰ ਇਨ੍ਹਾਂ ਦੇ ਦਸਤਾਵੇਜ਼ ਜਾਅਲੀ ਪਾਏ ਗਏ। ਪੰਜਾਬ ‘ਚ ਰਹਿ ਰਹੇ ਡਿਪੋਰਟ ਕੀਤੇ ਜਾਣ ਵਾਲੇ ਵਿਦਿਆਰਥੀਆਂ ਦੇ ਪ੍ਰਵਾਰ ਨੇ ਸਿੱਖਿਆ ਕੌਂਸਲਰਾਂ ‘ਤੇ ਜਾਅਲੀ ਐਡਮਿਟ ਕਾਰਡ ਬਣਾ ਕੇ ਉਨ੍ਹਾਂ ਨਾਲ ਧੋਖਾਧੜੀ ਕਰਨ ਦਾ ਦੋਸ਼ ਲਾਇਆ ਹੈ।

ਰੂਪਨਗਰ ਜ਼ਿਲ੍ਹੇ ਦੇ ਪਿੰਡ ਚਟਮਲੀ ਦੀ ਵਸਨੀਕ ਲਵਪ੍ਰੀਤ ਦੀ ਮਾਂ ਸਰਬਜੀਤ ਕੌਰ ਨੇ ਕਿਹਾ, “ਲਵਪ੍ਰੀਤ ਮਕੈਨੀਕਲ ਇੰਜੀਨੀਅਰਿੰਗ ਪੂਰੀ ਕਰਨ ਤੋਂ ਬਾਅਦ 2017 ਵਿਚ ਕੈਨੇਡਾ ਚਲਾ ਗਿਆ ਸੀ। ਉਹ ਪੜ੍ਹਾਈ ਵਿਚ ਚੰਗਾ ਹੈ। ਇਸ ਮਾਮਲੇ ਵਿਚ ਉਸ ਦਾ ਕੀ ਕਸੂਰ ਹੈ?” ਉਨ੍ਹਾਂ ਕਿਹਾ, “ਅਸੀਂ ਚਾਹੁੰਦੇ ਹਾਂ ਕਿ ਉਹ ਉਥੇ ਰਹੇ। ਅਸੀਂ ਅਪਣੀ ਉਮਰ ਭਰ ਦੀ ਜਮ੍ਹਾ ਪੂੰਜੀ ਲਵਪ੍ਰੀਤ ਨੂੰ ਵਿਦੇਸ਼ ਭੇਜਣ ਵਿਚ ਲਗਾ ਦਿਤੀ ਹੈ।’’ ਸਰਬਜੀਤ ਕੌਰ ਨੇ ਉਸ ਏਜੰਟ ਵਿਰੁਧ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ, ਜਿਸ ਰਾਹੀਂ ਲਵਪ੍ਰੀਤ ਕੈਨੇਡਾ ਗਿਆ ਸੀ।

ਫ਼ਿਰੋਜ਼ਪੁਰ ਦੇ ਰਹਿਣ ਵਾਲੇ ਅੰਮ੍ਰਿਤਪਾਲ ਸਿੰਘ ਦੇ ਮਾਤਾ-ਪਿਤਾ ਵੀ ਅਪਣੇ ਪੁੱਤਰ ਦੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਅੰਮ੍ਰਿਤਪਾਲ ਦੇ ਪਿਤਾ ਗੁਰਦੇਵ ਸਿੰਘ ਨੇ ਦਸਿਆ ਕਿ ਉਹ 2018 ਵਿਚ 12ਵੀਂ ਦੀ ਪੜ੍ਹਾਈ ਪੂਰੀ ਕਰਨ ਮਗਰੋਂ ਕੈਨੇਡਾ ਗਿਆ ਸੀ। ਅੰਮ੍ਰਿਤਪਾਲ ਨੇ ਕੈਨੇਡਾ ਦੇ ਲੰਡਨ ਸ਼ਹਿਰ ’ਚ ਦੋ ਸਾਲ ਤਕ ਇਕ ਕਾਲੇਜ ’ਚ ਪੜ੍ਹਾਈ ਕੀਤੀ ਅਤੇ ਬਾਅਦ ਵਿਚ ਉੱ ਨੌਕਰੀ ਕੀਤੀ।

ਫਿ਼ਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਪੀਰ ਮੁਹੰਮਦ ਦੇ ਕਿਸਾਨ ਗੁਰਦੇਵ ਸਿੰਘ ਨੇ ਦਸਿਆ, “ਜਦੋਂ ਉਸ ਨੇ ਪੱਕੀ ਰਿਹਾਇਸ਼ ਲਈ ਅਰਜ਼ੀ ਦਿਤੀ ਤਾਂ ਸਾਨੂੰ ਪਤਾ ਲੱਗਾ ਕਿ ਉਸ ਦਾ ਐਡਮਿਟ ਕਾਰਡ ਜਾਅਲੀ ਸੀ।” ਗੁਰਦੇਵ ਸਿੰਘ ਨੇ ਦਸਿਆ ਕਿ ਧੋਖਾਧੜੀ ਦਾ ਪਤਾ ਲੱਗਣ ‘ਤੇ ਉਸ ਨੇ ਜਲੰਧਰ ਦੇ ਇਕ ਏਜੰਟ ਬ੍ਰਜੇਸ਼ ਮਿਸ਼ਰਾ ਵਿਰੁਧ ਉਸ ਦੇ ਲੜਕੇ ਅਤੇ ਕਈ ਹੋਰ ਵਿਦਿਆਰਥੀਆਂ ਨਾਲ ਧੋਖਾਧੜੀ ਕਰਨ ਦੇ ਦੋਸ਼ ‘ਚ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-