ਟਾਪ ਨਿਊਜ਼ਭਾਰਤ

ਗ੍ਰਹਿ ਮੰਤਰੀ ਦਾ ਰਾਹੁਲ ਗਾਂਧੀ ‘ਤੇ ਤੰਜ਼, ਕਿਹਾ: ਵਿਦੇਸ਼ ‘ਚ ਅਪਣੇ ਹੀ ਦੇਸ਼ ਦੀ ਆਲੋਚਨਾ ਕਰਨਾ ਸਹੀ ਨਹੀਂ

ਪਾਟਨ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸ਼ਨੀਵਾਰ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ‘ਤੇ ਸ਼ਬਦੀ ਹਮਲਾ ਕੀਤਾ। ਉਨ੍ਹਾਂ ਕਿਹਾ ਕਿ ਵਿਦੇਸ਼ ‘ਚ ਆਪਣੇ ਹੀ ਦੇਸ਼ ਦੀ ਆਲੋਚਨਾ ਕਰਨਾ ਕਿਸੇ ਨੇਤਾ ਨੂੰ ਸ਼ੋਭਾ ਨਹੀਂ ਦਿੰਦਾ ਹੈ। ਗ੍ਰਹਿ ਮੰਤਰੀ ਨੇ ਰਾਹੁਲ ‘ਤੇ ਭਾਰਤ ਨੂੰ ਬਦਨਾਮ ਕਰਨ ਲਈ ਵਿਦੇਸ਼ ਜਾਣ ਦਾ ਦੋਸ਼ ਲਾਇਆ ਅਤੇ ਉਨ੍ਹਾਂ ਨੂੰ ਆਪਣੇ ਪੂਰਵਜਾਂ ਤੋਂ ਸਿੱਖਣ ਦੀ ਸਲਾਹ ਦਿੱਤੀ।

ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਇਸ਼ਾਰਾ ਰਾਹੁਲ ਗਾਂਧੀ ਦੀ ਹਾਲ ਹੀ ਵਿਚ ਹੋਈ ਅਮਰੀਕਾ ਯਾਤਰਾ ਵੱਲ ਸੀ, ਜਿਸ ਦੌਰਾਨ ਉਨ੍ਹਾਂ ਨੇ ਕਈ ਮੁੱਦਿਆਂ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਗਵਾਈ ਵਾਲੀ ਸਰਕਾਰ ਦੀ ਆਲੋਚਨਾ ਕੀਤੀ ਸੀ। ਅਮਿਤ ਸ਼ਾਹ ਨੇ ਕਿਹਾ ਕਿ ਕਿਸੇ ਵੀ ਦੇਸ਼ ਭਗਤ ਵਿਅਕਤੀ ਨੂੰ ਭਾਰਤੀ ਸਿਆਸਤ ‘ਤੇ ਭਾਰਤ ਦੇ ਅੰਦਰ ਚਰਚਾ ਕਰਨੀ ਚਾਹੀਦੀ ਹੈ। ਵਿਦੇਸ਼ ਜਾ ਕੇ ਭਾਰਤ ਦੀ ਸਿਆਸਤ ‘ਤੇ ਚਰਚਾ ਕਰਨਾ ਅਤੇ ਦੇਸ਼ ਦੀ ਆਲੋਚਨਾ ਕਰਨਾ ਕਿਸੇ ਵੀ ਪਾਰਟੀ ਦੇ ਨੇਤਾ ਨੂੰ ਸ਼ੋਭਾ ਨਹੀਂ ਦਿੰਦਾ। ਰਾਹੁਲ ਬਾਬਾ ਯਾਦ ਰੱਖੋ, ਦੇਸ਼ ਦੀ ਜਨਤਾ ਸਭ ਦੇਖ ਰਹੀ ਹੈ।

ਅਮਿਤ ਸ਼ਾਹ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਮੌਕੇ ਗੁਜਰਾਤ ਦੇ ਪਾਟਨ ਜ਼ਿਲ੍ਹੇ ਦੇ ਸਿੱਧਪੁਰ ਇਲਾਕੇ ‘ਚ ਆਯੋਜਿਤ ਰੈਲੀ ਨੂੰ ਸੰਬੋਧਿਤ ਕਰ ਰਹੇ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਮੋਦੀ ਸਰਕਾਰ ਤਹਿਤ ਦੇਸ਼ ਵਿਆਪਕ ਤੌਰ ‘ਤੇ ਬਦਲਾਅ ਦਾ ਗਵਾਹ ਬਣਿਆ ਹੈ। ਅਮਿਤ ਸ਼ਾਹ ਨੇ ਕਿਹਾ ਕਿ ਕਾਂਗਰਸ ਪਾਰਟੀ ਭਾਰਤ ਵਿਰੋਧੀ ਗੱਲਾਂ ਕਰਨੀਆਂ ਬੰਦ ਨਹੀਂ ਕਰ ਰਹੀ। ਰਾਹੁਲ ਬਾਬਾ ਗਰਮੀ ਦੀ ਵਜ੍ਹਾ ਤੋਂ ਛੁੱਟੀਆਂ ਮਨਾਉਣ ਲਈ ਵਿਦੇਸ਼ ਜਾ ਰਹੇ ਹਨ। ਉਹ ਵਿਦੇਸ਼ ਵਿਚ ਦੇਸ਼ ਦੀ ਆਲੋਚਨਾ ਕਰਦੇ ਹਨ। ਮੈਂ ਰਾਹੁਲ ਗਾਂਧੀ ਨੂੰ ਇਹ ਕਹਿੰਦਾ ਹਾਂ ਕਿ ਉਹ ਆਪਣੇ ਪੂਰਵਜਾਂ ਤੋਂ ਸਿੱਖਣ।

ਇਸ ਖ਼ਬਰ ਬਾਰੇ ਕੁਮੈਂਟ ਕਰੋ-