ਫ਼ੁਟਕਲ

ਪੈਟਰੋਲ ਦੀਆਂ ਕੀਮਤਾਂ ਘਟਾਉਣ ’ਤੇ ਬੋਲੇ ਹਰਦੀਪ ਪੁਰੀ, ‘ਆਉਣ ਵਾਲੇ ਸਮੇਂ ’ਚ ਦੇਖਾਂਗੇ, ਕੀ ਹੋ ਸਕਦਾ ਹੈ’

ਨਵੀਂ ਦਿੱਲੀ: ਕੇਂਦਰੀ ਪੈਟਰੋਲੀਅਮ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਨਿਚਰਵਾਰ ਨੂੰ ਕਿਹਾ ਕਿ ਜੇਕਰ ਕੌਮਾਂਤਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਸਥਿਰ ਰਹਿੰਦੀਆਂ ਹਨ ਤਾਂ ਤੇਲ ਕੰਪਨੀਆਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘਟਾਉਣ ਬਾਰੇ ਵਿਚਾਰ ਕਰਨ ਦੀ ਸਥਿਤੀ ਵਿਚ ਹੋਣਗੀਆਂ। ਕੇਂਦਰੀ ਮੰਤਰੀ ਨੇ ਕਿਹਾ ਕਿ ਤੇਲ ਕੰਪਨੀਆਂ ਦੇ ਆਉਣ ਵਾਲੇ ਤਿਮਾਹੀ ਨਤੀਜੇ ਚੰਗੇ ਹੋਣਗੇ।

ਇਥੇ ਭਾਜਪਾ ਹੈਡਕੁਆਰਟਰ ਵਿਖੇ ਪੈਟਰੋਲ ਦੀਆਂ ਕੀਮਤਾਂ ‘ਤੇ ਵੱਖ-ਵੱਖ ਸਵਾਲਾਂ ਦੇ ਜਵਾਬ ਦਿੰਦਿਆਂ ਪੁਰੀ ਨੇ ਹਾਲਾਂਕਿ ਕਿਹਾ ਕਿ ਉਹ ਇਸ ਮੁੱਦੇ ‘ਤੇ ਕੋਈ ਐਲਾਨ ਕਰਨ ਦੀ ਸਥਿਤੀ ‘ਚ ਨਹੀਂ ਹਨ। ਉਨ੍ਹਾਂ ਕਿਹਾ, “ਅੱਗੇ ਜਾ ਕੇ, ਅਸੀਂ ਦੇਖਾਂਗੇ ਕਿ ਕੀ ਕੀਤਾ ਜਾ ਸਕਦਾ ਹੈ” । ਉਨ੍ਹਾਂ ਕਿਹਾ ਕਿ ਸਰਕਾਰੀ ਮਾਲਕੀਅਤ ਵਾਲੀਆਂ ਤੇਲ ਮਾਰਕੀਟਿੰਗ ਕੰਪਨੀਆਂ ਨੇ ਪਿਛਲੀ ਤਿਮਾਹੀ ਵਿਚ “ਠੀਕ” ਪ੍ਰਦਰਸ਼ਨ ਕੀਤਾ ਸੀ।

ਪੁਰੀ ਨੇ ਕਿਹਾ, “ਉਨ੍ਹਾਂ ਨੇ ਕੁਝ ਨੁਕਸਾਨ ਦੀ ਭਰਪਾਈ ਕੀਤੀ ਹੈ। ਅਪਣੀ ਕਾਰਪੋਰੇਟ ਜ਼ਿੰਮੇਵਾਰੀ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ। ਅਸੀਂ ਦੇਖਾਂਗੇ ਕਿ ਅੱਗੇ ਵਧਣ ‘ਤੇ ਕੀ ਕੀਤਾ ਜਾ ਸਕਦਾ ਹੈ।” ਭਾਜਪਾ ਨੇਤਾ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਨੇ ਇਹ ਯਕੀਨੀ ਬਣਾਇਆ ਹੈ ਕਿ 22 ਅਪ੍ਰੈਲ ਤੋਂ ਤੇਲ ਦੀਆਂ ਕੀਮਤਾਂ ‘ਚ ਕੋਈ ਵਾਧਾ ਨਾ ਹੋਵੇ।

ਉਨ੍ਹਾਂ ਕਿਹਾ ਕਿ ਸਰਕਾਰ ਇਸ ਗੱਲ ਨੂੰ ਯਕੀਨੀ ਬਣਾਏਗੀ ਕਿ ਗਾਹਕਾਂ ਨੂੰ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਵਿਰੋਧੀ ਧਿਰ ‘ਤੇ ‘ਰਿਓੜੀ ਰਾਜਨੀਤੀ’ ਕਰਨ ਦਾ ਦੋਸ਼ ਲਗਾਉਂਦੇ ਹੋਏ ਪੁਰੀ ਨੇ ਕਿਹਾ ਕਿ ਕੋਈ ਵੀ ‘ਮੁਫ਼ਤ’ ਲਈ ਸਭ ਕੁਝ ਦੇ ਸਕਦਾ ਹੈ, ਪਰ ਮੁਫ਼ਤ ਦੀ ਰਾਜਨੀਤੀ ਖ਼ਤਰਨਾਕ ਖੇਤਰ ਵਿਚ ਦਾਖਲ ਹੋ ਜਾਂਦੀ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-