ਦੇਸ਼-ਵਿਦੇਸ਼

ਮਣੀਪੁਰ : ਪੁਲਿਸ ਤੋਂ ਖੋਹੇ ਹਥਿਆਰ ਗੁਪਤ ਰੂਪ ’ਚ ਵਾਪਸ ਕਰੋ, ਕੋਈ ਤੁਹਾਨੂੰ ਕੁਝ ਨਹੀਂ ਪੁੱਛੇਗਾ : ਭਾਜਪਾ ਵਿਧਾਇਕ

ਇੰਫ਼ਾਲ: ਸੁਰਖਿਆ ਬਲਾਂ ਤੋਂ ਖੋਹੇ ਹਥਿਆਰਾਂ ਨੂੰ ਵਾਪਸ ਕਰਨ ਦੀ ਸਹੂਲਤ ਦੇਣ ਲਈ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਵਿਧਾਇਕ ਐਲ. ਸੁਸਿੰਦਰੋ ਮੇਈਤੀ ਨੇ ਅਪਣੇ ਘਰ ਇਕ ‘ਡਰੌਪਬਾਕਸ’ ਸਥਾਪਤ ਕੀਤਾ ਹੈ ਜਿੱਥੇ ਇਹ ਯਕੀਨੀ ਕੀਤਾ ਜਾਵੇਗਾ ਕਿ ਹਥਿਆਰ ਜਮ੍ਹਾਂ ਕਰਵਾਉਣ ਵਾਲੇ ਵਿਅਕਤੀ ਦੀ ਪਛਾਣ ਉਜਾਗਰ ਨਾ ਹੋ ਸਕੇ।

ਇੰਫ਼ਾਲ ਈਸਟ ਸੀਟ ਤੋਂ ਵਿਧਾਇਕ ਸੁਸਿੰਦਰੋ ਦੇ ਘਰ ਬਾਹਰ ਇਕ ਵੱਡਾ ਪੋਸਟਰ ਲਗਿਆ ਹੈ ਜਿਸ ’ਚ ਅੰਗਰੇਜ਼ੀ ਅਤੇ ਮੇਈਤੀ ਭਾਸ਼ਾ ’ਚ ਲਿਖਿਆ ਹੈ, ‘‘ਕ੍ਰਿਪਾ ਕਰਕੇ ਖੋਹੇ ਹਥਿਆਰਾਂ ਨੂੰ ਇਥੇ ਰੱਖੋ।’’

ਇਸ ਇਸ਼ਤਿਹਾਰ ਹੇਠਾਂ ਲਿਖਿਆ ਹੈ- ਅਜਿਹਾ ਕਰਨ ਬਾਰੇ ਉਨ੍ਹਾਂ ਤੋਂ ਸਵਾਲ ਨਹੀਂ ਪੁੱਛੇ ਜਾਣਗੇ ਕਿ ਹਥਿਆਰ ਉਨ੍ਹਾਂ ਨੂੰ ਕਿਸ ਤਰ੍ਹਾਂ ਮਿਲੇ। ਡਰਾਪ ਬਾਕਸ ’ਚ ਕੁਝ ਲੋਕਾਂ ਨੇ ਆਟੋਮੈਟਿਕ ਰਾਈਫ਼ਲਾਂ ਅਤੇ ਗੋਲਾ-ਬਾਰੂਦ ਸਮੇਤ ਕੁਝ ਹੋਰ ਹਥਿਆਰ ਰੱਖੇ ਵੀ ਹਨ।

ਮਈ ਦੀ ਸ਼ੁਰੂਆਤ ’ਚ ਮਣੀਪੁਰ ਸੂਬੇ ਅੰਦਰ ਫਿਰਕੂ ਹਿੰਸਾ ਭੜਕਣ ’ਤੇ ਵੱਡੀ ਗਿਣਤੀ ’ਚ ਹਥਿਆਰ ਲੁੱਟ ਲਏ ਗਏ ਸਨ। ਇਸ ਤੋਂ ਬਾਅਦ ਮੁੱਖ ਮੰਤਰੀ ਐਨ. ਬੀਰੇਨ ਸਿੰਘ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਦੋਹਾਂ ਨੇ ਹੀ ਲੋਕਾਂ ਨੂੰ ਹਥਿਆਰ ਸੌਂਪਣ ਦੀ ਅਪੀਲ ਕੀਤੀ ਹੈ।

ਸੁਰਖਿਆ ਅਤੇ ਸ਼ਾਂਤੀ ਦੀ ਸਥਾਪਨਾ ਲਈ ਸੂਬਾ ਪੁਲਿਸ ਦੇ ਸਹਿਯੋਗ ਨਾਲ ਫ਼ੌਜ ਅਤੇ ਨੀਮ ਫ਼ੌਜੀ ਬਲ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਇਕ ਅਧਿਕਾਰੀ ਨੇ ਕਿਹਾ ਕਿ ਸ਼ੁਕਰਵਾਰ ਨੂੰ ਸੁਰਿਖਆ ਬਲਾਂ ਵਲੋਂ ਸਾਂਝੀ ਤਲਾਸ਼ੀ ਮੁਹਿੰਮ ਦੌਰਾਨ ਘੱਟ ਤੋਂ ਘੱਟ 35 ਹਥਿਆਰ ਅਤੇ ਜੰਗੀ ਸਮੱਗਰੀ ਬਰਾਮਦ ਕੀਤੀ ਗਈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-