ਦੇਸ਼-ਵਿਦੇਸ਼

ਅਸੀਂ ਹਨੂਮਾਨ ਜੀ ਦੇ ਵੰਸ਼ਜ, ਕਿਉਂਕਿ ਹਨੂਮਾਨ ਵੀ ਆਦਿਵਾਸੀ ਸਨ : ਕਾਂਗਰਸ ਵਿਧਾਇਕ

ਭੋਪਾਲ: ਮੱਧ ਪ੍ਰਦੇਸ਼ ਦੇ ਕਾਂਗਰਸ ਵਿਧਾਇਕ ਅਤੇ ਸਾਬਕਾ ਮੰਤਰੀ ਉਮੰਗ ਸਿੰਘਾਰ ਨੇ ਹਨੂਮਾਨ ਨੂੰ ਆਦਿਵਾਸੀ ਕਰਾਰ ਦਿਤਾ ਹੈ। ਸਿੰਘਾਰ ਨੇ ਇਹ ਦਾਅਵਾ ਥਾਰ ਜ਼ਿਲ੍ਹੇ ’ਚ ਇਕ ਰੈਲੀ ਦੌਰਾਨ ਕੀਤਾ।

ਇਸ ਤੋਂ ਪਹਿਲਾਂ ਕਾਂਗਰਸ ਦੇ ਇਕ ਹੋਰ ਵਿਧਾਇਕ ਅਰਜੁਨ ਸਿੰਘ ਕਾਕੋਡੀਆ ਨੇ ਸ਼ਿਵਜੀ ਅਤੇ ਬਜਰੰਗਬਲੀ ਯਾਨੀਕਿ ਹਨੂਮਾਨ ਨੂੰ ਆਦਿਵਾਸੀ ਕਿਹਾ ਸੀ।

ਥਾਰ ਜ਼ਿਲ੍ਹੇ ਦੇ ਗੰਧਵਾਨੀ ਚੋਣ ਹਲਕੇ ਦੀ ਪ੍ਰਤੀਨਿਧਗੀ ਕਰਨ ਵਾਲੇ ਸਿੰਘਾਰ ਨੇ ਕਿਹਾ ਕਿ ਭਗਵਾਨ ਰਾਮ ਨੂੰ ਲੰਕਾ ਲੈ ਕੇ ਜਾਣ ਵਾਲੇ ਆਦਿਵਾਸੀ ਹੀ ਸਨ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਲੇਖਕਾਂ ਨੇ ਅਪਣੀਆਂ ਕਹਾਣੀਆਂ ’ਚ ਲਿਖਿਆ ਹੈ ਕਿ ਬਾਂਦਰਾਂ ਦੀ ਇਕ ਫ਼ੌਜ ਸੀ, ਪਰ ਇਹ ਸੱਚ ਨਹੀਂ ਹੈ। ਅਸਲ ’ਚ ਇਹ ਸਾਰੇ ਆਦਿਵਾਸੀ ਸਨ ਜੋ ਜੰਗਲ ’ਚ ਰਹਿੰਦੇ ਸਨ।

ਸਿੰਘਾਰ ਨੇ ਰੈਲੀ ’ਚ ਕਿਹਾ, ‘‘ਕਹਾਣੀਆਂ ਲਿਖਣ ਵਾਲੇ ਤੋੜ-ਮਰੋੜ ਕਰ ਦਿੰਦੇ ਹਨ। ਪਰ ਮੈਂ ਕਹਿੰਦਾ ਹਾਂ ਕਿ ਹਨੂਮਾਨ ਵੀ ਆਦਿਵਾਸੀ ਹਨ। ਉਹ ਭਗਵਾਨ ਰਾਮ ਨੂੰ ਲੰਕਾ ਲੈ ਕੇ ਗਏ ਸਨ। ਇਸ ਲਈ ਅਸੀਂ ਉਨ੍ਹਾਂ ਦੇ ਵੰਸ਼ਜ ਹਾਂ। ਅਸੀਂ ਬਿਰਸਾ ਮੁੰਡਾ, ਟੰਟਿਆ ਮਾਮਾ ਅਤੇ ਹਨੂਮਾਨ ਦੇ ਵੰਸ਼ਜ ਹਾਂ ਮਾਣ ਨਾਲ ਕਹੋ ਕਿ ਅਸੀਂ ਆਦਿਵਾਸੀ ਹਾਂ।’’

ਜ਼ਿਕਰਯੋਗ ਹੈ ਕਿ ਇਸ ਮਹੀਨੇ ਦੀ ਸ਼ੁਰੂਆਤ ’ਚ ਬਰਘਾਟ ਚੋਣ ਹਲਕੇ ਤੋਂ ਕਾਂਗਰਸ ਵਿਧਾਇਕ ਕਾਕੋਡੀਆ ਨੇ ਦਾਅਵਾ ਕੀਤਾ ਸੀ ਕਿ ਸ਼ਿਵਜੀ ਇਕ ਆਦਿਵਾਸੀ ਸਨ ਜਿਨ੍ਹਾਂ ਨੇ ਦੁਨੀਆ ਨੂੰ ਬਚਾਉਣ ਲਈ ਜ਼ਹਿਰ ਪੀਤਾ ਸੀ। ਉਨ੍ਹਾਂ ਕਿਹਾ ਕਿ ਇਸੇ ਕਰਕੇ ਆਦਿਵਾਸੀ ਸਮਾਜ ਬਹੁਤ ਮਾਣਯੋਗ ਹੈ ।

ਉਦੇਪਾਨੀ ਪਿੰਡ ’ਚ ਕਾਂਗਰਸ ਦੀ ਮੱਧ ਪ੍ਰਦੇਸ਼ ਇਕਾਈ ਦੇ ਪ੍ਰਧਾਨ ਕਮਲਨਾਥ ਦੀ ਮੌਜੂਦਗੀ ’ਚ ਰੈਲੀ ਨੂੰ ਸੰਬੋਧਨ ਕਰਦਿਆਂ ਕਾਕੋਡੀਆ ਨੇ ਕਿਹਾ ਸੀ, ‘‘ਕੋਈ ਅਯੋਧਿਆ, ਖੱਤਰੀ ਜਾਂ ਬ੍ਰਾਹਮਣ ਸੈਨਾ ਨਹੀਂ ਸੀ, ਪਰ ਆਦਿਵਾਸੀ ਲੋਕ ਸਨ ਜਿਨ੍ਹਾਂ ਨੇ ਭਗਵਾਨ ਰਾਮ ਦੀ ਮਦਦ ਕੀਤੀ ਸੀ।’’

ਇਸ ਖ਼ਬਰ ਬਾਰੇ ਕੁਮੈਂਟ ਕਰੋ-