ਪੰਜਾਬ

ਗੁਜਰਾਤ ‘ਚ ISIS ਮਾਡਿਊਲ ਦਾ ਪਰਦਾਫ਼ਾਸ਼, ATS ਨੇ ਪੋਰਬੰਦਰ ਤੋਂ ਔਰਤ ਸਮੇਤ 4 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ

ਗੁਜਰਾਤ : ਗੁਜਰਾਤ ਪੁਲਿਸ ਦੇ ਐਂਟੀ ਟੈਰੋਰਿਸਟ ਸਕੁਐਡ (ਏ.ਟੀ.ਐਸ.) ਨੇ ਪੋਰਬੰਦਰ ਤੋਂ ਇਕ ਵਿਦੇਸ਼ੀ ਨਾਗਰਿਕ ਅਤੇ ਇਕ ਔਰਤ ਸਮੇਤ 4 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਏ.ਟੀ.ਐਸ. ਦੇ ਸੂਤਰਾਂ ਮੁਤਾਬਕ ਚਾਰਾਂ ਦੇ ਸਬੰਧ ਅੰਤਰਰਾਸ਼ਟਰੀ ਅਤਿਵਾਦੀ ਸੰਗਠਨ ਆਈ.ਐਸ.ਆਈ.ਐਸ. ਨਾਲ ਹਨ। ਔਰਤ ਕੋਲੋਂ ਚਾਰ ਮੋਬਾਈਲ ਅਤੇ ਹੋਰ ਡਿਜੀਟਲ ਉਪਕਰਨ ਵੀ ਬਰਾਮਦ ਕੀਤੇ ਗਏ ਹਨ।

ਸਾਰੇ ਦੋਸ਼ੀਆਂ ਦੇ ਪਾਕਿਸਤਾਨ ਨਾਲ ਸਬੰਧ ਹੋਣ ਦਾ ਖ਼ੁਲਾਸਾ ਹੋਇਆ ਹੈ। ਇਹ ਚਾਰੇ ਆਈ.ਐਸ.ਆਈ.ਐਸ. ਨੂੰ ਗੁਜਰਾਤ ਬਾਰੇ ਜਾਣਕਾਰੀ ਦੇ ਰਹੇ ਸਨ। ਏ.ਟੀ.ਐਸ. ਪਿਛਲੇ ਕਈ ਦਿਨਾਂ ਤੋਂ ਪੋਰਬੰਦਰ ਅਤੇ ਆਸਪਾਸ ਦੇ ਇਲਾਕਿਆਂ ਵਿਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਇਸ ਕਾਰਵਾਈ ਤਹਿਤ ਇਨ੍ਹਾਂ ਚਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਜਾਂਚ ਵਿਚ ਖ਼ੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਆਈ.ਐਸ.ਆਈ.ਐਸ. ਦੇ ਅਤਿਵਾਦੀ ਮਾਡਿਊਲ ਦਾ ਹਿੱਸਾ ਸਨ। ਉਹ ਪਿਛਲੇ ਇਕ ਸਾਲ ਤੋਂ ਇਕ ਦੂਜੇ ਦੇ ਸੰਪਰਕ ਵਿਚ ਸਨ ਅਤੇ ਅਤਿਵਾਦੀ ਸੰਗਠਨ ਵਿਚ ਸ਼ਾਮਲ ਹੋਣ ਲਈ ਦੇਸ਼ ਛੱਡਣ ਦੀ ਯੋਜਨਾ ਬਣਾ ਰਹੇ ਸਨ। ਇਹ ਸੰਗਠਨ ਆਈ.ਐਸ.ਆਈ.ਐਸ. ਦੇ ਮਾਡਿਊਲ ‘ਤੇ ਕੰਮ ਕਰ ਰਿਹਾ ਸੀ। ਮੁਲਜ਼ਮ ਸੋਸ਼ਲ ਮੀਡੀਆ ਰਾਹੀਂ ਨੌਜੁਆਨਾਂ ਨੂੰ ਕੱਟੜਪੰਥੀ ਬਣਾਉਣ ਦਾ ਕੰਮ ਕਰ ਰਹੇ ਸਨ।
ਆਈ.ਜੀ. ਦੀਪੇਨ ਭਦਰਨ, ਐਸ.ਪੀ. ਸੁਨੀਲ ਜੋਸ਼ੀ, ਡੀ.ਐਸ.ਪੀ. ਕੇ.ਕੇ. ਪਟੇਲ, ਡੀ.ਐਸ.ਪੀ. ਸ਼ੰਕਰ ਚੌਧਰੀ ਸਮੇਤ ਕਈ ਪੁਲਿਸ ਅਧਿਕਾਰੀਆਂ ਦੀਆਂ ਟੀਮਾਂ ਦੋ ਦਿਨਾਂ ਤੋਂ ਦਵਾਰਕਾ ਵਿਚ ਡੇਰਾ ਲਾ ਰਹੀਆਂ ਸਨ। ਪਹਿਲਾਂ ਮੀਡੀਆ ਨੂੰ ਸੂਚਨਾ ਮਿਲੀ ਸੀ ਕਿ ਦਵਾਰਕਾ ਦੇ ਸਮੁੰਦਰੀ ਤੱਟ ‘ਤੇ ਨਸ਼ਿਆਂ ਅਤੇ ਹੈਰੋਇਨ ਦੀ ਵੱਡੀ ਖੇਪ ਪਹੁੰਚੀ ਹੈ। ਦਵਾਰਕਾ ਤੋਂ ਟੀਮਾਂ ਗੁਪਤ ਰੂਪ ਵਿਚ ਪੋਰਬੰਦਰ ਲਈ ਰਵਾਨਾ ਹੋ ਗਈਆਂ ਸਨ, ਜਿਥੇ ਇਹ ਆਪ੍ਰੇਸ਼ਨ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ 26-27 ਮਈ ਨੂੰ ਐਨ.ਆਈ.ਏ. ਅਤੇ ਮੱਧ ਪ੍ਰਦੇਸ਼ ਏ.ਟੀ.ਐਸ. ਦੁਆਰਾ ਇਕ ਸਾਂਝਾ ਆਪਰੇਸ਼ਨ ਚਲਾਇਆ ਗਿਆ ਸੀ। ਜਿਸ ਵਿਚ ਐਮ.ਪੀ. ਦੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਤਿੰਨਾਂ ‘ਤੇ ਆਈ.ਐਸ.ਆਈ.ਐਸ. ਨਾਲ ਜੁੜੇ ਅਤਿਵਾਦੀ ਮਾਡਿਊਲ ‘ਤੇ ਕੰਮ ਕਰਨ ਦਾ ਦੋਸ਼ ਹੈ। ਟੀਮ ਨੇ ਜਬਲਪੁਰ ‘ਚ 13 ਥਾਵਾਂ ‘ਤੇ ਛਾਪੇਮਾਰੀ ਕੀਤੀ।

ਐਮ.ਪੀ. ਵਿਚ ਗ੍ਰਿਫ਼ਤਾਰ ਕੀਤੇ ਗਏ ਤਿੰਨਾਂ ਦੀ ਪਛਾਣ ਸਈਦ ਮਾਮੂਰ ਅਲੀ, ਮੁਹੰਮਦ ਸ਼ਾਹਿਦ ਅਤੇ ਮੁਹੰਮਦ ਆਦਿਲ ਖ਼ਾਨ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਤੇਜ਼ਧਾਰ ਹਥਿਆਰ, ਇਤਰਾਜ਼ਯੋਗ ਕਾਗ਼ਜ਼ਾਤ, ਗੋਲਾ ਬਾਰੂਦ ਅਤੇ ਡਿਜੀਟਲ ਟੂਲ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ ਹੈ।

ਇਸ ਖ਼ਬਰ ਬਾਰੇ ਕੁਮੈਂਟ ਕਰੋ-