ਲੋਕ ਸਭਾ ਚੋਣਾਂ ਲਈ ਭਾਜਪਾ ਨੇ ਖਿੱਚੀ ਤਿਆਰੀ, ਖੰਨਾ ਵਿਖੇ ਹੋਈ ਪਾਰਟੀ ਦੀ ਮੀਟਿੰਗ
ਖੰਨਾ : ਭਾਜਪਾ ਨੇ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਅਪਣੀਆਂ ਤਿਆਰੀਆਂ ਤੇਜ਼ ਕਰ ਦਿਤੀਆਂ ਹਨ। ਖੰਨਾ ਵਿਖੇ ਪਾਰਟੀ ਦੀ ਮੀਟਿੰਗ ਹੋਈ ਜਿਸ ਵਿਚ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਨਾਲ ਸਬੰਧਤ ਸਾਰੇ 9 ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਦੇ ਅਹੁਦੇਦਾਰ ਪਹੁੰਚੇ।
ਇਸ ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਪੰਜਾਬ ਵਿਚ ਭਾਜਪਾ ਦੇ ਅਕਾਲੀ ਦਲ ਨਾਲ ਗਠਜੋੜ ਬਾਰੇ ਕਿਹਾ ਕਿ ਅਕਾਲੀ ਦਲ ਐਨ.ਡੀ.ਏ. ਵਿਚ ਸ਼ਾਮਲ ਹੋਵੇਗਾ ਜਾਂ ਨਹੀਂ ਇਸ ਬਾਰੇ ਪਾਰਟੀ ਹਾਈਕਮਾਂਡ ਮੰਥਨ ਕਰ ਰਹੀ ਹੈ। ਪੰਜਾਬ ਤੋਂ ਇਲਾਵਾ ਹੋਰ ਸੂਬਿਆਂ ਵਿਚ ਵੀ ਖੇਤਰੀ ਅਤੇ ਕੌਮੀ ਪਾਰਟੀਆਂ ਨੂੰ ਐਨ.ਡੀ.ਏ. ਵਿਚ ਸ਼ਾਮਲ ਕਰਨ ਲਈ ਮੰਥਨ ਚੱਲ ਰਿਹਾ ਹੈ। ਇਸ ਦਾ ਅੰਤਿਮ ਫ਼ੈਸਲਾ ਪਾਰਟੀ ਹਾਈਕਮਾਂਡ ਕਰੇਗੀ।
ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ‘ਤੇ ਸਵਾਲ ਚੁਕਦਿਆਂ ਮਨੋਰੰਜਨ ਕਾਲੀਆ ਨੇ ਕਿਹਾ ਕਿ ਚਾਰੇ ਪਾਸੇ ਲੁੱਟ-ਖਸੁੱਟ ਹੋ ਰਹੀ ਹੈ। ਲੋਕ ਸੁਰੱਖਿਅਤ ਨਹੀਂ ਹਨ। ਸਰਕਾਰ ਹਰ ਫਰੰਟ ‘ਤੇ ਫੇਲ੍ਹ ਸਾਬਤ ਹੋਈ ਹੈ। ਸੂਬੇ ‘ਚ ਕਾਨੂੰਨ ਵਿਵਸਥਾ ਦਾ ਜਨਾਜਾ ਨਿਕਲ ਗਿਆ ਹੈ। ਮਨੋਰੰਜਨ ਕਾਲੀਆ ਨੇ ਕੇਂਦਰ ਸਰਕਾਰ ਦੀਆਂ ਪਿਛਲੇ 9 ਸਾਲਾਂ ਦੀਆਂ ਪ੍ਰਾਪਤੀਆਂ ਨੂੰ ਗਿਣਾਉਂਦਿਆਂ ਕਿਹਾ ਕਿ ਅੱਜ ਪੂਰੀ ਦੁਨੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਕਤ ਨੂੰ ਮੰਨ ਰਹੀ ਹੈ। ਮਿੱਤਰ ਦੇਸ਼ਾਂ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਡਿਮਾਂਡ ਵਧਣੀ ਸੁਭਾਵਿਕ ਹੈ। ਪਰ ਹੁਣ ਤਾਂ ਦੁਸ਼ਮਣ ਦੇਸ਼ ਪਾਕਿਸਤਾਨ ਦੇ ਨੇਤਾ ਅਤੇ ਲੋਕ ਵੀ ਕਹਿਣ ਲੱਗ ਪਏ ਹਨ ਕਿ ਉਨ੍ਹਾਂ ਨੂੰ ਨਰਿੰਦਰ ਮੋਦੀ ਵਰਗਾ ਪ੍ਰਧਾਨ ਮੰਤਰੀ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਭਾਰਤ ਦੇ ਵਿਕਾਸ ਦੀ ਗਤੀ ਤੋਂ ਵੱਡੇ ਦੇਸ਼ ਪ੍ਰਭਾਵਿਤ ਹਨ। ਭਾਰਤ ਸਭ ਤੋਂ ਤੇਜ਼ੀ ਨਾਲ ਵਿਕਾਸ ਕਰਨ ਵਾਲਾ ਦੇਸ਼ ਬਣ ਗਿਆ ਹੈ ਅਤੇ ਬਰਤਾਨੀਆਂ ਵੀ ਪਿੱਛੇ ਰਹਿ ਗਿਆ ਹੈ। ਮਨੋਰੰਜਨ ਕਾਲੀਆ ਨੇ ਪੰਜਾਬ ‘ਚ ਵੈਟ ਦਰਾਂ ‘ਚ ਵਾਧਾ ਕਰ ਕੇ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ‘ਤੇ ਆਮ ਆਦਮੀ ਪਾਰਟੀ ਨੂੰ ਘੇਰਿਆ। ਮਨੋਰੰਜਨ ਕਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਫਸਲਾਂ ਦੇ ਭਾਅ ਵਧਾ ਕੇ ਕਿਸਾਨਾਂ ਨੂੰ ਐਮ.ਐਸ.ਪੀ. ਦਿਤੀ ਪਰ ਪੰਜਾਬ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾ ਦਿਤੇ ਹਨ।