ਫੀਚਰਜ਼ਭਾਰਤ

ਲੁਧਿਆਣਾ ਕੈਸ਼ ਵੈਨ ਲੁੱਟ ਮਾਮਲਾ : ਕੰਪਨੀ ਦੀ ਸੁਰੱਖਿਆ ‘ਚ ਸੀ ਵੱਡੀ ਢਿੱਲ – ਪੁਲਿਸ ਅਧਿਕਾਰੀ

ਲੁਧਿਆਣਾ : ਲੁਧਿਆਣਾ ਕੈਸ਼ ਵੈਨ ਦੀ ਲੁੱਟ ਦੇ ਮਾਮਲੇ ਵਿਚ ਵੱਡਾ ਖ਼ੁਲਾਸਾ ਹੋਇਆ ਹੈ। ਪੁਲਿਸ ਅਧਿਕਾਰੀਆਂ ਨੇ ਇਸ ਬਾਰੇ ਜਾਣਕਾਰੀ ਦਿੰਦਿਆਂ ਦਸਿਆ ਕਿ ਵਾਰਦਾਤ ਵਾਲੀ ਰਾਤ ਕਰੀਬ 2 -3 ਵਜੇ ਅੱਠ ਤੋਂ ਨੌਂ ਲੁਟੇਰੇ ਆਏ ਸਨ ਜਿਨ੍ਹਾਂ ਦੇ ਮੂੰਹ ਢੱਕੇ ਹੋਏ ਸਨ।

ਉਨ੍ਹਾਂ ਦਸਿਆ ਕਿ ਸੀ.ਐਮ.ਐਸ. ਕੰਪਨੀ ਬੈਂਕਾਂ ਨੂੰ ਕੈਸ਼ ਅਤੇ ਹੋਰ ਤਕਨੀਕੀ ਸਹਾਇਤਾ ਪ੍ਰਦਾਨ ਕਰਦੀ ਹੈ। ਜਿੰਨੇ ਵੱਡੇ ਪੱਧਰ ‘ਤੇ ਇਹ ਕੰਪਨੀ ਕੈਸ਼ ਆਦਿ ਨਾਲ ਡੀਲ ਕਰਦੀ ਹੈ ਉਸ ਹਿਸਾਬ ਨਾਲ ਇਥੇ ਸੁਰੱਖਿਆ ਦੇ ਪ੍ਰਬੰਧ ਬਹੁਤ ਹੀ ਕਮਜ਼ੋਰ ਹਨ। ਕੰਪਨੀ ਦੀ ਚਾਰਦੀਵਾਰੀ ਸੁਰੱਖਿਆ ਨਿਯਮਾਂ ਅਨੁਸਾਰ ਢੁਕਵੀਂ ਨਹੀਂ ਹੈ ਅਤੇ ਨਾ ਹੀ ਇਸ ਦਾ ਮੁੱਖ ਗੇਟ ਸੁਰੱਖਿਆ ਪੱਖੋਂ ਮਜ਼ਬੂਤ ਹੈ। ਪੁਲਿਸ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਕੈਸ਼ ਦੀ ਨਿਗਰਾਨੀ ਲਈ ਤਾਇਨਾਤ ਸੁਰੱਖਿਆ ਮੁਲਾਜ਼ਮ ਅਪਣੀ ਸ਼ਿਫ਼ਟ ਪੂਰੀ ਕਰ ਚੁੱਕੇ ਸਨ ਅਤੇ ਵਾਰਦਾਤ ਮੌਕੇ ਉਹੀ ਮੁਲਾਜ਼ਮ ਮੁੜ ਡਿਊਟੀ ਨਿਭਾਅ ਰਹੇ ਸਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਮੁਲਾਜ਼ਮਾਂ ਕੋਲ ਸੁਰੱਖਿਆ ਲਈ ਹਥਿਆਰ ਵੀ ਸਨ ਪਰ ਉਹ ਮੌਕੇ ‘ਤੇ ਚਲਾ ਨਹੀਂ ਸਕੇ। ਇਸ ਤੋਂ ਇਲਾਵਾ ਕੰਪਨੀ ਵਿਚ ਲੱਗੇ ਡੀ.ਵੀ.ਆਰ. ਵੀ ਲੁਟੇਰੇ ਪੁੱਟ ਕੇ ਅਪਣੇ ਨਾਲ ਲੈ ਗਏ ਜਿਸ ਕਾਰਨ ਮੌਕੇ ਦੀ ਵੀਡੀਉ ਫੁਟੇਜ ਪੁਲਿਸ ਨੂੰ ਨਹੀਂ ਮਿਲ ਸਕੀ ਹੈ। ਉਨ੍ਹਾਂ ਦਸਿਆ ਕਿ ਲੁਟੇਰੇ  ਚੁੰਬਕ ਵਾਲੇ ਤਾਲੇ ਦੀਆਂ ਤਾਰਾ ਪੁੱਟ ਕੇ ਕੈਸ਼ ਵਾਲੇ ਕਮਰੇ ਅੰਦਰ ਦਾਖ਼ਲ ਹੋਏ ਸਨ।

ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸੀ.ਐਮ.ਐਸ. ਕੰਪਨੀ ਵਲੋਂ 7 ਕਰੋੜ 49 ਲੱਖ ਰੁਪਏ ਦੀ ਲੁੱਟ ਬਾਰੇ ਦਸਿਆ ਗਿਆ ਸੀ। ਦੱਸ ਦੇਈਏ ਕਿ ਪੁਲਿਸ ਨੇ ਮਾਮਲੇ ਨੂੰ ਸੁਲਝਾਉਣ ਲਈ 10 ਟੀਮਾਂ ਦਾ ਗਠਨ ਕੀਤਾ ਹੈ ਜੋ ਵੱਖ-ਵੱਖ ਪੱਖਾਂ ਤੋਂ ਜਾਂਚ ਕਰ ਰਹੀਆਂ ਹਨ। ਇਸ ਮਾਮਲੇ ਵਿਚ ਅਜੇ ਤਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਾਂਚ ਦੌਰਾਨ ਉਨ੍ਹਾਂ ਨੂੰ ਵਲੋਂ ਸੁਰਾਗ਼ ਲਗਾਏ ਜਾ ਰਹੇ ਹਨ ਅਤੇ ਜਲਦੀ ਹੀ ਮਸਲਾ ਸੁਲਝਾ ਲਿਆ ਜਾਵੇਗਾ।

ਇਸ ਖ਼ਬਰ ਬਾਰੇ ਕੁਮੈਂਟ ਕਰੋ-