ਆਨੰਦਪੁਰ ਸਾਹਿਬ ਵਿਚ ਕੱਟੇ ਗਏ ਸਮਾਰਟ ਰਾਸ਼ਨ ਕਾਰਡ ਮੁੜ ਰਿਵਿਊ ਕਰਨ ਦੇ ਹੁਕਮ
ਚੰਡੀਗੜ੍ਹ : ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਅੱਜ ਜ਼ਿਲ੍ਹਾ ਰੂਪਨਗਰ ਦੇ ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਧਾਨ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਜਿਹਨਾਂ ਵਿਅਕਤੀਆਂ ਦੇ ਸਮਾਰਟ ਰਾਸ਼ਨ ਕਾਰਡ ਕੱਟੇ ਗਏ ਹਨ ਉਨ੍ਹਾਂ ਨੂੰ ਮੁੜ ਰਿਵਿਊ ਕੀਤਾ ਜਾਵੇ ਤਾਂ ਜੋ ਕੋਈ ਅਸਲ ਲੋੜਵੰਦ ਸਰਕਾਰੀ ਸਕੀਮਾਂ ਦੇ ਲਾਭ ਤੋਂ ਵਾਂਝਾ ਨਾ ਰਹਿ ਜਾਵੇ।
ਮੰਤਰੀ ਬੈਂਸ ਨੇ ਦਸਿਆ ਕਿ ਵਿਧਾਨ ਸਭਾ ਹਲਕਾ ਆਨੰਦਪੁਰ ਸਾਹਿਬ ਦੇ ਅਸਲ ਲੋੜਵੰਦਾਂ ਦੇ ਸਮਾਰਟ ਰਾਸ਼ਨ ਕਾਰਡ ਕੱਟੇ ਜਾਣ ਦਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਆਇਆ ਸੀ ਜਿਸ ‘ਤੇ ਉਨ੍ਹਾਂ ਤੁਰਤ ਕਾਰਵਾਈ ਕਰਦਿਆਂ ਜ਼ਿਲ੍ਹਾ ਖੁਰਾਕ ਤੇ ਸਿਵਲ ਸਪਲਾਈ ਕੰਟਰੋਲਰ ਨਵਰੀਤ ਕੌਰ ਨਾਲ ਇਸ ਸਬੰਧੀ ਮੀਟਿੰਗ ਕੀਤੀ ਗਈ।
ਉਨ੍ਹਾਂ ਹਲਕਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਦੇ ਆਂਢ-ਗੁਆਂਢ ਦਾ ਕੋਈ ਅਯੋਗ ਵਿਅਕਤੀ ਇਸ ਸਕੀਮ ਦਾ ਗ਼ਲਤ ਲਾਭ ਪੈ ਰਿਹਾ ਹੈ ਤਾਂ ਉਸ ਸਬੰਧੀ ਸ਼ਿਕਾਇਤ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੂੰ ਕਰਨ। ਉਨ੍ਹਾਂ ਇਹ ਵੀ ਕਿਹਾ ਕਿ ਸ਼ਿਕਾਇਤਕਰਤਾ ਦੇ ਵੇਰਵੇ ਬਿਲਕੁੱਲ ਗੁਪਤ ਰੱਖੇ ਜਾਣਗੇ। ਬੈਂਸ ਨੇ ਜਿਨ੍ਹਾਂ ਯੋਗ ਵਿਅਕਤੀਆਂ ਦੇ ਕਾਰਡ ਕੱਟੇ ਗਏ ਹਨ ਉਨ੍ਹਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਕਾਰਡ ਮੁੜ ਬਹਾਲ ਕਰਵਾਉਣ ਲਈ ਅਰਜ਼ੀ ਸਬੰਧਤ ਵਿਭਾਗ ਨੂੰ ਜਲਦ ਤੋਂ ਜਲਦ ਪੇਸ਼ ਕਰਨ।