ਭਾਈ ਅੰਮ੍ਰਿਤਪਾਲ ਸਿੰਘ ਦੇ 3 ਸਾਥੀ ਪੁੱਜੇ ਹਾਈਕੋਰਟ, ਅਦਾਲਤ ‘ਚ ਇਸ ਮਾਮਲੇ ਨੂੰ ਦਿੱਤੀ ਚੁਣੌਤੀ
ਚੰਡੀਗੜ੍ਹ: ‘ਵਾਰਿਸ ਪੰਜਾਬ ਦੇ’ ਜੱਥੇਬੰਦੀ ਦੇ ਮੁਖੀ ਭਾਈ ਅੰਮ੍ਰਿਤਪਾਲ ਸਿੰਘ ਦੇ 3 ਸਾਥੀਆਂ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਨ੍ਹਾਂ ‘ਚ ਭਗਵੰਤ ਸਿੰਘ ਉਰਫ਼ ਪ੍ਰਧਾਨ ਮੰਤਰੀ ਬਾਜੇਕੇ, ਕੁਲਵੰਤ ਸਿੰਘ ਅਤੇ ਬਸੰਤ ਸਿੰਘ ਸ਼ਾਮਲ ਹਨ।
ਅਸਾਮ ਦੀ ਡਿਬਰੂਗੜ੍ਹ ਜੇਲ੍ਹ ‘ਚ ਬੰਦ ਤਿੰਨਾਂ ਦੋਸ਼ੀਆਂ ਨੇ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਜੇਲ੍ਹ ‘ਚ ਰੱਖਣ ਅਤੇ ਐੱਨ. ਐੱਸ. ਏ. ਲਾਏ ਜਾਣ ਦੇ ਖ਼ਿਲਾਫ਼ ਚੁਣੌਤੀ ਦਿੱਤੀ ਹੈ। ਦਰਅਸਲ ਇਨ੍ਹਾਂ ਤਿੰਨਾਂ ‘ਤੇ 23 ਫਰਵਰੀ, 2023 ਨੂੰ ਅਜਨਾਲਾ ਪੁਲਸ ਥਾਣੇ ‘ਤੇ ਕਥਿੱਤ ਹਮਲੇ ‘ਚ ਸ਼ਾਮਲ ਹੋਣ ਦਾ ਦੋਸ਼ ਹੈ।
ਹੁਣ ਦੋਸ਼ੀਆਂ ਨੇ ਹਾਈਕੋਰਟ ‘ਚ ਚੁਣੌਤੀ ਦੇ ਕੇ ਡਿਟੈਂਸ਼ਨ ਆਰਡਰ ਨੂੰ ਗੈਰ-ਕਾਨੂੰਨੀ ਦੱਸਦੇ ਹੋਏ ਇਸ ਨੂੰ ਰੱਦ ਕਰਨ ਦੀ ਮੰਗ ਕੀਤੀ ਹੈ। ਆਉਣ ਵਾਲੇ 1-2 ਦਿਨਾਂ ਤੱਕ ਹਾਈਕੋਰਟ ਇਨ੍ਹਾਂ ਤਿੰਨ ਪਟੀਸ਼ਨਾਂ ‘ਤੇ ਸੁਣਵਾਈ ਕਰੇਗਾ।