ਪਰਨੀਤ ਕੌਰ ਨੇ ਭਾਜਪਾ ‘ਚ ਜਾਣ ਦਾ ਬਣਾਇਆ ਮੂਡ

ਲੁਧਿਆਣਾ : ਪਟਿਆਲਾ ਤੋਂ ਕਾਂਗਰਸ ਦੀ ਸੰਸਦ ਮੈਂਬਰ ਪਰਨੀਤ ਕੌਰ ਦੀ ਜਲਦੀ ਹੀ ਭਾਜਪਾ ‘ਚ ਐਂਟਰੀ ਹੋ ਸਕਦੀ ਹੈ। ਇਸ ਦੇ ਸੰਕੇਤ ਉਨ੍ਹਾਂ ਨੇ ਵੀਰਵਾਰ ਨੂੰ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ. ਪੀ. ਨੱਢਾ ਦੇ ਉਨ੍ਹਾਂ ਦੇ ਘਰ ਪੁੱਜਣ ਦੌਰਾਨ ਦੇ ਦਿੱਤੇ ਹਨ। ਇੱਥੇ ਦੱਸਣਾ ਉਚਿਤ ਹੋਵੇਗਾ ਕਿ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਮਗਰੋਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਛੱਡ ਕੇ ਪਹਿਲਾਂ ਆਪਣੀ ਪਾਰਟੀ ਬਣਾਈ ਗਈ ਅਤੇ ਫਿਰ ਭਾਜਪਾ ‘ਚ ਸ਼ਾਮਲ ਹੋ ਗਏ ਪਰ ਵਿਧਾਨ ਸਭਾ ਚੋਣਾਂ ‘ਚ ਕੈਪਟਨ ਦੇ ਹੱਕ ‘ਚ ਕੱਢੇ ਗਏ ਰੋਡ ਸ਼ੋਅ ਦੌਰਾਨ ਰਾਜਨਾਥ ਸਿੰਘ ਦੇ ਨਾਲ ਸ਼ਾਮਲ ਹੋਣ ਤੋਂ ਇਲਾਵਾ ਪਰਨੀਤ ਕੌਰ ਨੇ ਪਾਰਟੀ ਜਾਂ ਭਾਜਪਾ ਦੀਆਂ ਗਤੀਵਿਧੀਆਂ ਤੋਂ ਦੂਰੀ ਬਣਾਈ ਹੋਈ ਹੈ।
ਹਾਲਾਂਕਿ ਕਾਂਗਰਸ ਵੱਲੋਂ ਪਹਿਲਾਂ ਨੋਟਿਸ ਜਾਰੀ ਕਰਨ ਤੋਂ ਇਲਾਵਾ ਪਰਨੀਤ ਕੌਰ ਨੇ ਨਾ ਤਾਂ ਕਾਂਗਰਸ ‘ਚੋਂ ਅਸਤੀਫ਼ਾ ਦਿੱਤਾ ਅਤੇ ਨਾ ਹੀ ਕੋਈ ਦੂਜੀ ਪਾਰਟੀ ‘ਚ ਸ਼ਾਮਲ ਹੋਣ ਦਾ ਫ਼ੈਸਲਾ ਲਿਆ। ਹੁਣ ਲੋਕ ਸਭਾ ਚੋਣਾਂ ‘ਚ ਕਾਫ਼ੀ ਸਮਾਂ ਬਾਕੀ ਰਹਿਣ ‘ਤੇ ਪਰਨੀਤ ਕੌਰ ਨੇ ਖੁੱਲ੍ਹ ਕੇ ਆਪਣੇ ਪਰਿਵਾਰ ਨਾਲ ਭਾਜਪਾ ‘ਚ ਸ਼ਾਮਲ ਹੋਣ ਦਾ ਮੂਡ ਬਣਾ ਲਿਆ ਹੈ।
ਜਦੋਂ ਜੇ. ਪੀ. ਨੱਢਾ ਉਨ੍ਹਾਂ ਦੇ ਘਰ ਪੁੱਜੇ ਤਾਂ ਪਰਨੀਤ ਕੌਰ ਨੇ ਖੁੱਲ੍ਹੇਆਮ ਪਰਿਵਾਰਕ ਮੈਂਬਰਾਂ ਦੇ ਸਾਹਮਣੇ ਨੱਢਾ ਦਾ ਸੁਆਗਤ ਕੀਤਾ ਅਤੇ ਪੂਰਾ ਸਮਾਂ ਮੀਟਿੰਗ ‘ਚ ਮੌਜੂਦ ਰਹੇ। ਇਸ ਦੀ ਤਸਵੀਰ ਕੈਪਟਨ ਦੇ ਪਰਿਵਾਰ ਦੇ ਮੈਂਬਰਾਂ ਤੋਂ ਇਲਾਵਾ ਭਾਜਪਾ ਆਗੂਆਂ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ ਹੈ। ਇਸ ਤੋਂ ਬਾਅਦ ਇਹ ਚਰਚਾ ਸ਼ੁਰੂ ਹੋ ਗਈ ਹੈ ਕਿ ਪਰਨੀਤ ਕੌਰ ਆਉਣ ਵਾਲੇ ਦਿਨਾਂ ‘ਚ ਕਿਸੇ ਵੀ ਸਮੇਂ ਭਾਜਪਾ ‘ਚ ਸ਼ਾਮਲ ਹੋ ਸਕਦੇ ਹਨ।